ਜਿਮਖਾਨਾ ਕਲੱਬ ’ਚ ਮਜ਼ਬੂਤ ਧਿਰ ਵਜੋਂ ਉੱਭਰ ਰਿਹਾ ਡੈਮੋਕ੍ਰੇਟਿਕ ਗਰੁੱਪ
ਜਿਮਖਾਨਾ ਕਲੱਬ ’ਚ ਮਜਬੂਤ ਧਿਰ ਵਜੋਂ ਉੱਭਰ ਰਿਹਾ ਡੈਮੋਕ੍ਰੇਟਿਕ ਗਰੁੱਪ
Publish Date: Mon, 24 Nov 2025 06:51 PM (IST)
Updated Date: Mon, 24 Nov 2025 06:52 PM (IST)

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਲੰਘੇ ਦਿਨ ਰਾਜਿੰਦਰਾ ਜਿਮਖਾਨਾ ਕਲੱਬ ਦੀ ਮੈਨੇਜਮੈਂਟ ਨੂੰ ਲੈ ਕੇ ਹੋਈ ਹੰਗਾਮਾ-ਖੇਜ ਜਨਰਲ ਬਾਡੀ ਮੀਟਿੰਗ ਦੌਰਾਨ ਰਿਕਾਰਡ ਹਾਜ਼ਰੀ ਦਰਜ ਕੀਤੀ ਗਈ। 555 ਮੈਂਬਰਾਂ ਦੀ ਮੌਜੂਦਗੀ ਵਾਲੀ ਇਸ ਮੀਟਿੰਗ ਵਿਚ ਸਾਬਕਾ ਐੱਸ.ਐੱਸ.ਪੀ ਭੁਪਿੰਦਰ ਸਿੰਘ ਖੱਟੜਾ ਅਤੇ ਸੇਵਾਮੁਕਤ ਡੀ.ਐੱਸ.ਪੀ.ਵਿਲੀਅਮ ਜੇਜੀ ਦੀ ਅਗਵਾਈ ਵਿਚ ਕਲੱਬ ਵਿਚ ਨਵੇਂ ਬਣੇ ਗਰੁੱਪ ਡੈਮੋਕ੍ਰੇਟਿਕ ਗਰੁੱਪ ਦੇ 250 ਦੇ ਕਰੀਬ ਮੈਂਬਰਾਂ ਦੀ ਹਾਜ਼ਰੀ ਜ਼ਿਕਰਯੋਗ ਰਹੀ ਹੈ। ਡੈਮੋਕ੍ਰੇਟਿਕ ਗਰੁੱਪ , ਜਿਸ ਵਿਚ ਸਾਬਕਾ ਅਤੇ ਸੇਵਾ ਕਰ ਰਹੇ ਸਿਵਲ ਸੇਵਕ, ਪੁਲਿਸ ਅਧਿਕਾਰੀ, ਇੰਜੀਨੀਅਰ, ਡਾਕਟਰ ਅਤੇ ਕਾਰੋਬਾਰੀ ਆਗੂ ਸ਼ਾਮਲ ਹਨ, ਕਲੱਬ ਦੇ ਅੰਦਰ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰਨ ਲਈ ਬਣਾਇਆ ਗਿਆ ਹੈ। ਕਲੱਬ ਵਿਚ ਕਾਬਜ਼ ਤੇ ਵਿਰੋਧੀ ਧਿਰ ਵਿਚਕਾਰ ਚੱਲ ਰਹੇ ਟਕਰਾਅ ਦੌਰਾਨ ਡੈਮੋਕ੍ਰੇਟਿਕ ਗਰੁੱਪ ਮਜਬੂਤ ਧਿਰ ਵਜੋਂ ਉੱਭਰਕੇ ਸਾਹਮਣੇ ਆਇਆ ਹੈ। ਡੈਮੋਕ੍ਰੇਟਿਕ ਗਰੁੱਪ ਦੀ ਇਸ ਜਿੱਤ ਨੂੰ ਮੈਂਬਰਾਂ ਵਿਚ ਸਮਰਥਨ ਜੁਟਾਉਣ ਦੀ ਉਨ੍ਹਾਂ ਦੀ ਯੋਗਤਾ ਦਾ ਪ੍ਰਮਾਣ ਮੰਨਿਆ ਜਾ ਰਿਹਾ ਹੈ। ਡੈਮੋਕ੍ਰੇਟਿਕ ਸਮੂਹ ਨੇ ਕਲੱਬ ਦੇ ਅੰਦਰ ਸਕਾਰਾਤਮਕ ਤਬਦੀਲੀ ਲਿਆਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ ਦਾ ਪ੍ਰਣ ਵੀ ਲਿਆ ਹੈ। ਸਾਬਕਾ ਐੱਸਐੱਸਪੀ ਭੁਪਿੰਦਰ ਸਿੰਘ ਖੱਟੜਾ ਅਤੇ ਸੇਵਾਮੁਕਤ ਡੀ.ਐੱਸਪੀ ਵਿਲੀਅਮ ਜੇਜੀ ਨੇ ਦੱਸਿਆ ਕਿ ਜਨਰਲ ਬਾਡੀ ਮੀਟਿੰਗ ਦੇ ਸ਼ੁਰੂ ਵਿਚ ਹੀ ਕਾਬਜ਼ ਧੜੇ ਨੇ ਮੰਚ ਚਲਾਉਣ ਲਈ ਸਕੱਤਰ ਡਾ. ਸੁਖਦੀਪ ਸਿੰਘ ਬੋਪਾਰਾਏ ਨੂੰ ਨਜ਼ਰਅੰਦਾਜ਼ ਕਰਦਿਆਂ ਮਾਈਕ ਹੀ ਬੰਦ ਕਰ ਦਿੱਤਾ ਪਰ ਡੈਮੋਕ੍ਰੇਟਿਕ ਗਰੁੱਪ ਅਤੇ ਹੋਰ ਮੈਂਬਰਾਂ ਦੇ ਜ਼ਬਰਦਸਤ ਵਿਰੋਧ ਦੇ ਚਲਦਿਆਂ ਕਾਬਜ਼ ਧੜੇ ਨੂੰ ਮਾਈਕ ਵੀ ਚਲਾਉਣਾ ਪਿਆ ਅਤੇ ਮੰਚ ਡਾ. ਸੁਖਦੀਪ ਸਿੰਘ ਬੋਪਾਰਾਏ ਨੂੰ ਦੇਣ ਲਈ ਮਜਬੂਰ ਹੋਣਾ ਪਿਆ ਅਤੇ ਸਕੱਤਰ ਦੀਆਂ ਤਾਕਤਾਂ ਵਿਚ ਕਟੌਤੀ ਕਰਨ ਦੀ ਕੋਸ਼ਿਸ਼ਾਂ ਨਾਕਾਮ ਹੋ ਗਈਆਂ। ਮੀਟਿੰਗ ਦੌਰਾਨ ਵੱਡਾ ਵਿਵਾਦ ਗੋਲਡਨ ਹੈਂਡ ਸ਼ੇਕ ਸਕੀਮ ਦੇ ਆਲੇ-ਦੁਆਲੇ ਕੇਂਦਰਿਤ ਸੀ, ਜਿਸ ਵਿਚ ਆਪਣੀ ਮੈਂਬਰਸ਼ਿਪ ਛੱਡਣ ਲਈ ਤਿਆਰ ਮੈਂਬਰਾਂ ਨੂੰ 1.25 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਡੈਮੋਕ੍ਰੇਟਿਕ ਗਰੁੱਪ ਨੇ ਦਲੀਲ ਦਿੱਤੀ ਕਿ ਇਹ ਰਕਮ ਬਹੁਤ ਘੱਟ ਹੈ। ਡੈਮੋਕ੍ਰੇਟਿਕ ਗਰੁੱਪ ਨੇ ਨਵੇਂ ਮੈਂਬਰ ਲਈ ਮੈਂਬਰਸ਼ਿਪ ਫੀਸ 8 ਲੱਖ ਰੁਪਏ ਦੇ 25 ਫ਼ੀਸਦੀ ਦੇ ਬਰਾਬਰ ਯਾਨੀ 2 ਲੱਖ ਰੁਪਏ ਤੱਕ ਵਧਾਉਣ ਦਾ ਪ੍ਰਸਤਾਵ ਰੱਖਿਆ। ਮੈਨੇਜਮੈਂਟ ਨੂੰ ਵੋਟਿੰਗ ਤੋਂ ਬਾਅਦ ਇਸ ਮੰਗ ਦੇ ਆਧਾਰ ’ਤੇ 20 ਫ਼ੀਸਦੀ ਯਾਨੀ ਇੱਕ ਲੱਖ 60 ਹਜ਼ਾਰ ਪ੍ਰਵਾਨ ਕਰਨ ਲਈ ਮਜਬੂਰ ਹੋਣਾ ਪਿਆ। ਡੈਮੋਕ੍ਰੇਟਿਕ ਗਰੁੱਪ ਨੇ ਕਾਬਜ਼ ਧੜੇ ਦੇ ਕਲੱਬ ਅਤੇ ਇਸਦੇ ਮੈਂਬਰਾਂ ਨੂੰ ਲਾਭ ਪਹੁੰਚਾਉਣ ਵਾਲੇ ਬਦਲਾਵਾਂ ਨੂੰ ਪ੍ਰਵਾਨ ਕਰਵਾਇਆ। ਖਾਸ ਤੌਰ ਤੇ, ਡੈਮੋਕ੍ਰੇਟਿਕ ਗਰੁੱਪ ਦਾ ਪ੍ਰਸਤਾਵ ਕਿ ਕਲੱਬ ਲਈ ਲੋੜੀਂਦੇ ਸਾਮਾਨ ਮਾਨਤਾ ਪ੍ਰਾਪਤ ਸਟੈਂਡਰਡ ਕੰਪਨੀਆਂ ਤੋਂ ਹੀ ਲਏ ਜਾਣ ਅਤੇ ਇਹਦੇ ਟੈਂਡਰ ਜਨਤਕ ਕੀਤੇ ਜਾਣ, ਨੂੰ ਵੀ ਪਾਸ ਕਰਵਾਇਆ ਗਿਆ। ਇਸੇ ਤਰ੍ਹਾਂ, ਟੈਰਿਸ ਦੀ ਰੈਨੋਵੇਸ਼ਨ ਲਈ ਅਧਿਕਾਰ ਨਵੀਂ ਚੁਣੀ ਗਈ ਕਮੇਟੀ ਕੋਲ਼ ਹੋਣਗੇ ਅਤੇ ਮੌਜੂਦਾ ਕਮੇਟੀ ਇਹ ਕੰਮ ਨਹੀਂ ਕਰਵਾਏਗੀ; ਇਸ ਪ੍ਰਸਤਾਵ ਨੂੰ ਵੀ ਕਾਬਜ਼ ਧੜੇ ਨੂੰ ਪ੍ਰਵਾਨ ਕਰਨ ਲਈ ਮਜਬੂਰ ਕੀਤਾ ਗਿਆ। ਇਸ ਤੋਂ ਇਲਾਵਾ, ਤਾਨਾਸ਼ਾਹੀ ਤਰੀਕੇ ਨਾਲ਼ ਏ.ਜੀ.ਐੱਮ.ਦੀ ਪ੍ਰਵਾਨਗੀ ਤੋਂ ਬਿਨਾਂ ਅਤੇ ਵਿਭਾਗੀ ਮਨਜ਼ੂਰੀ ਤੋਂ ਬਿਨਾਂ ਹੀ ਮਲਟੀ ਸਪੋਰਟਸ ਏਰੇਨਾ ਬਣਾਉਣ ਦੇ ਨਾਂਅ ’ਤੇ ਕੱਟੇ ਗਏ ਦਰਖ਼ਤਾਂ ਦੇ ਮਾਮਲੇ ’ਤੇ ਵੀ ਡੈਮੋਕ੍ਰੇਟਿਕ ਗਰੁੱਪ ਦੇ ਜ਼ਬਰਦਸਤ ਵਿਰੋਧ ਦਰਜ ਕਰਵਾਇਆ। ਡੈਮੋਕ੍ਰੇਟਿਕ ਗਰੁੱਪ ਨੇ ਇਹ ਮੰਗ ਵੀ ਜ਼ੋਰਦਾਰ ਤਰੀਕੇ ਨਾਲ਼ ਕੀਤੀ ਕਿ 20 ਹਜ਼ਾਰ ਰੁਪਏ ਨਾਲ਼ ਕੀਤੀ ਗਈ ਆਰਜ਼ੀ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਜਾਵੇ ਅਤੇ ਇਹ ਵੀ ਦੱਸਿਆ ਜਾਵੇ ਕਿ ਇਨ੍ਹਾਂ ਮੈਂਬਰਾਂ ਦੀ ਵੈਲਿਡਿਟੀ 3 ਮਹੀਨੇ ਹੈ ਜਾਂ 6 ਮਹੀਨੇ। ਕਾਬਜ਼ ਧੜੇ ਵੱਲੋਂ ਮਨਮਰਜ਼ੀ ਨਾਲ਼ ਮੈਂਬਰਸ਼ਿਪ ਖ਼ਾਰਜ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦਿਆਂ ਡੈਮੋਕ੍ਰੇਟਿਕ ਗਰੁੱਪ ਨੇ ਇਹ ਵੀ ਮਨਵਾਇਆ ਕਿ ਆਰਟੀਕਲ-17 ਦੇ ਤਹਿਤ ਪੁਰਾਣੀ ਪ੍ਰਕਿਰਿਆ ਹੀ ਜਾਰੀ ਰੱਖੀ ਜਾਵੇਗੀ। ਇਸ ਤੋਂ ਪਹਿਲਾਂ, ਮੀਟਿੰਗ ਤੋਂ ਇੱਕ ਦਿਨ ਪਹਿਲਾਂ ਡੈਮੋਕ੍ਰੇਟਿਕ ਗਰੁੱਪ ਵੱਲੋਂ ਲਿਖੇ ਗਏ ਪੱਤਰ ਦੇ ਆਧਾਰ ’ਤੇ ਕਾਬਜ਼ ਧੜੇ ਨੂੰ ਜਨਰਲ ਮੀਟਿੰਗ ਦੀ ਵੀਡੀਓਗ੍ਰਾਫ਼ੀ ਕਰਵਾਉਣ ਲਈ ਵੀ ਮਜਬੂਰ ਕਰ ਦਿੱਤਾ ਗਿਆ ਸੀ।