ਜੋ ਕਿ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਦੌਰਾਨ ਰੋਪੜ, ਲਹਿਰਾ ਮੁਹੱਬਤ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਦਾ ਇਕ-ਇਕ ਯੂਨਿਟ ਬੰਦ ਰਿਹਾ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਹੋਰ ਵਧੇਗਾ, ਜਿਸ ਨਾਲ ਮਈ ਮਹੀਨੇ ਵਿਚ ਹੀ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਨੂੰ ਪਾਰ ਹੋਣ ਦੀ ਸੰਭਾਵਨਾ ਹੈ। ਪਾਵਰਕਾਮ ਲਈ ਅਸਲ ਪ੍ਰੀਖਿਆ ਜੂਨ ਮਹੀਨੇ ਤੋਂ ਸ਼ੁਰੂ ਹੋਵੇਗੀ, ਜਦੋਂ ਸੂਬੇ ਵਿਚ ਝੋਨੇ ਦੀ ਲੁਆਈ ਦਾ ਕੰਮ ਵੱਡੇ ਪੱਧਰ ’ਤੇ ਆਰੰਭ ਹੋ ਜਾਵੇਗਾ।
ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਜੇਠ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਹੀ ਪੰਜਾਬ ਵਿਚ ਪਾਰੇ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਕਈ ਹਿੱਸਿਆਂ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ, ਜਿਸ ਕਾਰਨ ਮਹਿਜ਼ ਦੋ ਦਿਨਾਂ ਦੇ ਅੰਦਰ ਬਿਜਲੀ ਦੀ ਮੰਗ ਵਿਚ ਭਾਰੀ ਉਛਾਲ ਦਰਜ ਕੀਤਾ ਗਿਆ ਹੈ। ਸੋਮਵਾਰ ਸਵੇਰੇ ਕਰੀਬ 10 ਵਜੇ ਸੂਬੇ ਵਿਚ ਬਿਜਲੀ ਦੀ ਮੰਗ 13 ਹਜ਼ਾਰ 712 ਮੈਗਾਵਾਟ ਤੱਕ ਪਹੁੰਚ ਗਈ, ਜੋ ਕਿ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਦੌਰਾਨ ਰੋਪੜ, ਲਹਿਰਾ ਮੁਹੱਬਤ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਦਾ ਇਕ-ਇਕ ਯੂਨਿਟ ਬੰਦ ਰਿਹਾ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਹੋਰ ਵਧੇਗਾ, ਜਿਸ ਨਾਲ ਮਈ ਮਹੀਨੇ ਵਿਚ ਹੀ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਨੂੰ ਪਾਰ ਹੋਣ ਦੀ ਸੰਭਾਵਨਾ ਹੈ। ਪਾਵਰਕਾਮ ਲਈ ਅਸਲ ਪ੍ਰੀਖਿਆ ਜੂਨ ਮਹੀਨੇ ਤੋਂ ਸ਼ੁਰੂ ਹੋਵੇਗੀ, ਜਦੋਂ ਸੂਬੇ ਵਿਚ ਝੋਨੇ ਦੀ ਲੁਆਈ ਦਾ ਕੰਮ ਵੱਡੇ ਪੱਧਰ ’ਤੇ ਆਰੰਭ ਹੋ ਜਾਵੇਗਾ।
ਮਾਹਿਰਾਂ ਮੁਤਾਬਕ, ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ 6 ਫ਼ੀਸਦ ਵਧਣ ਦਾ ਅਨੁਮਾਨ ਹੈ। ਪਿਛਲੇ ਸਾਲ ਇਹ ਮੰਗ 17,200 ਮੈਗਾਵਾਟ ਤੋਂ ਵੱਧ ਰਹੀ ਸੀ। ਪੰਜਾਬ ਵਿਚ ਲਗਪਗ 30 ਲੱਖ ਹੈਕਟੇਅਰ ਤੋਂ ਵੱਧ ਰਕਬੇ ’ਤੇ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ। ਇਸ ਲਈ ਕਰੀਬ 14 ਲੱਖ ਟਿਊਬਵੈੱਲਾਂ ਰਾਹੀਂ ਕਰੋੜਾਂ ਗੈਲਨ ਪਾਣੀ ਕੱਢਿਆ ਜਾਂਦਾ ਹੈ। ਇਸ ਵਾਰ ਮੌਸਮ ਦੇ ਜੋ ਅਨੁਮਾਨ ਸਾਹਮਣੇ ਆਏ ਹਨ, ਉਹ ਹੋਰ ਵੀ ਚਿੰਤਾਜਨਕ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਗਰਮੀ ਦੀ ਲਹਿਰ ਲੰਬੀ ਚੱਲਣ ਅਤੇ ਮੌਨਸੂਨ ਪਿਛਲੇ 10 ਸਾਲਾਂ ਦੀ ਔਸਤ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ ਚੁਣੌਤੀਪੂਰਨ ਹਾਲਾਤ ਦੇ ਬਾਵਜੂਦ, ਪਾਵਰਕਾਮ ਵੱਲੋਂ ਕਿਸਾਨਾਂ ਦੇ ਟਿਊਬਵੈੱਲਾਂ ਲਈ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੱਸਣਾ ਬਣਦਾ ਹੈ ਕਿ ਪੀਐੱਸਪੀਸੀਐੱਲ ਦੇ ਖ਼ਪਤਕਾਰਾਂ ਦੀ ਗਿਣਤੀ 1.07 ਕਰੋੜ ਤੋਂ ਵੱਧ ਹੈ। ਜਿਸ ਵਿਚ ਘਰੇਲੂ ਲਗਪਗ 79 ਲੱਖ, ਕਮਰਸ਼ੀਅਲ 12.5 ਲੱਖ, ਖੇਤੀਬਾੜੀ 14 ਲੱਖ ਤੇ ਇੰਡਸਟ੍ਰਰੀਅਲ ਖ਼ਪਤਕਾਰ ਕਰੀਬ 1.5 ਲੱਖ ਹਨ।
ਕਿਵੇਂ ਹੋਵੇਗਾ ਬਿਜਲੀ ਦਾ ਪ੍ਰਬੰਧ?
ਜਾਣਕਾਰਾਂ ਮੁਤਾਬਕ ਪੰਜਾਬ ਦੀ ਆਪਣੀ ਅੰਦਰੂਨੀ ਬਿਜਲੀ ਉਤਪਾਦਨ ਸਮਰੱਥਾ ਲਗਪਗ 6,500 ਮੈਗਾਵਾਟ ਹੈ ਜੋ ਕਿ ਕੁੱਲ ਮੰਗ ਦੇ ਮੁਕਾਬਲੇ ਬਹੁਤ ਘੱਟ ਹੈ। ਇਸ ਵੱਡੇ ਪਾੜੇ ਨੂੰ ਪੂਰਾ ਕਰਨ ਲਈ ਪਾਵਰਕਾਮ ਰਾਸ਼ਟਰੀ ਗ੍ਰਿਡ ਅਤੇ ਹੋਰਨਾਂ ਸਰੋਤਾਂ ਤੋਂ ਬਿਜਲੀ ਖ਼ਰੀਦ ਕੇ 10,500 ਮੈਗਾਵਾਟ ਤੋਂ ਵੱਧ ਬਿਜਲੀ ਦਾ ਪ੍ਰਬੰਧ ਕਰੇਗਾ। ਇਸ ਨਾਲ ਕੁੱਲ ਉਪਲਬਧਤਾ ਲਗਪਗ 17,000 ਮੈਗਾਵਾਟ ਹੋ ਜਾਵੇਗੀ। ਇਸ ਤੋਂ ਇਲਾਵਾ, ਪੀਐੱਸਪੀਸੀਐੱਲ ਦਿਨ ਦੇ ਸਮੇਂ ਸਸਤੀ ਸੋਲਰ ਪਾਵਰ ਦੀ ਖ਼ਰੀਦ ਅਤੇ ਹੋਰ ਸ਼ਾਰਟ-ਟਰਮ ਪ੍ਰਬੰਧਾਂ ਰਾਹੀਂ ਵੱਧ ਤੋਂ ਵੱਧ ਮੰਗ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਸ਼ਾਰਟ-ਟਰਮ ਬਿਜਲੀ ਦੀ ਖ਼ਰੀਦ 2,000 ਮਿਲੀਅਨ ਯੂਨਿਟ ਤੋਂ ਵੀ ਜ਼ਿਆਦਾ ਹੋਣ ਦੀ ਉਮੀਦ ਹੈ।
ਨਿਰਵਿਘਨ ਜਾਰੀ ਰਹੇਗੀ ਬਿਜਲੀ ਦੀ ਸਪਲਾਈ : ਸੋਂਦ
ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੋਂਦ ਨੇ ਭਰੋਸਾ ਦਿੱਤਾ ਕਿ ਮੌਜੂਦਾ ਸਮੇਂ ਸੂਬੇ ਦੇ ਸਾਰੇ ਹਿੱਸਿਆਂ ਵਿਚ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਨਿਰਵਿਘਨ ਜਾਰੀ ਹੈ। ਇਸ ਦੇ ਨਾਲ ਹੀ, ਆਉਣ ਵਾਲੇ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਰਕਾਰ ਅਤੇ ਵਿਭਾਗ ਵੱਲੋਂ ਸਾਰੀਆਂ ਤਿਆਰੀਆਂ ਪਹਿਲਾਂ ਹੀ ਮੁਕੰਮਲ ਕਰ ਲਈਆਂ ਗਈਆਂ ਹਨ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ। ਮੰਤਰੀ ਨੇ ਸਪੱਸ਼ਟ ਕੀਤਾ ਕਿ ਕਿਸਾਨਾਂ, ਘਰੇਲੂ ਖ਼ਪਤਕਾਰਾਂ ਅਤੇ ਉਦਯੋਗਾਂ ਸਮੇਤ ਸਮੂਹ ਵਰਗਾਂ ਨੂੰ ਬਿਨਾਂ ਕਿਸੇ ਕੱਟ ਦੇ ਲਗਾਤਾਰ ਬਿਜਲੀ ਮਿਲਦੀ ਰਹੇਗੀ। ਸਰਕਾਰ ਖੇਤੀਬਾੜੀ ਸੈਕਟਰ ਨੂੰ ਲੋੜੀਂਦੀ ਬਿਜਲੀ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।