ਸਿਹਤ ਮੰਤਰੀ ਵੱਲੋਂ ਕਈ ਵਿਕਾਸ ਦੇ ਪ੍ਰੋਜੈਕਟਾਂ ਦਾ ਉਦਘਾਟਨ
ਸਿਹਤ ਮੰਤਰੀ ਵਲੋਂ ਕਈ ਵਿਕਾਸ ਦੇ ਪ੍ਰੋਜੈਕਟਾਂ ਦਾ ਉਦਘਾਟਨ
Publish Date: Sun, 16 Nov 2025 04:26 PM (IST)
Updated Date: Sun, 16 Nov 2025 04:29 PM (IST)

ਪੰਜਾਬੀ ਜਾਗਰਣ ਟੀਮ•, ਪਟਿਆਲਾ, ਭਾਦਸੋਂ, ਨਾਭਾ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਗੁਰਦੁਆਰਾ ਰੋਹਟਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ ਵਿਚ ਹਾਜ਼ਰੀ ਭਰੀ ਅਤੇ ਗੁਰੂ ਘਰ ’ਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਧਾਰਮਿਕ ਸਮਾਗਮ ਦੌਰਾਨ ਸਿਹਤ ਮੰਤਰੀ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ 30 ਲੱਖ ਰੁਪਏ ਨਾਲ ਤਿਆਰ ਕੀਤੀ ਗਈ ਨਵੀਂ ਪਾਰਕਿੰਗ ਤੇ ਅੰਡਰ ਗਰਾਊਂਡ ਰੋਹਟੀ ਰਜਵਾਹਾ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਸਹੂਲਤਾਂ ਨਾ ਸਿਰਫ਼ ਗੁਰਦੁਆਰੇ ’ਚ ਆਉਣ ਵਾਲੀ ਸੰਗਤ ਲਈ ਸੁਵਿਧਾ ਵਧਾਉਣਗੀਆਂ, ਸਗੋਂ ਆਵਾਜਾਈ ਤੇ ਪਾਣੀ ਨਿਕਾਸ ਪ੍ਰਬੰਧ ਨੂੰ ਵੀ ਬਿਹਤਰ ਬਣਾਉਣਗੀਆਂ। ਡਾ. ਬਲਬੀਰ ਸਿੰਘ ਨੇ ਪਿੰਡ ਇੱਛੇਵਾਲ ’ਚ ਨਵੇਂ ਬਣੇ ਪੰਚਾਇਤ ਘਰ ਅਤੇ ਕਮਿਊਨਿਟੀ ਸੈਂਟਰ ਦੀ ਅਧੁਨਿਕ ਰਸੋਈ ਦਾ ਵੀ ਉਦਘਾਟਨ ਕੀਤਾ। ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਸਿਹਤ ਮੰਤਰੀ ਨੇ 23.03 ਲੱਖ ਰੁਪਏ ਦੀ ਲਾਗਤ ਨਾਲ ਸਿੰਬੜੋ ਤੋਂ ਗੁਰਦੁਆਰਾ ਸਾਹਿਬ ਤੱਕ ਜਾਣ ਵਾਲੀ ਲਿੰਕ ਸੜਕ ਦੇ ਨਾਲ ਰੀਟੇਨਿੰਗ ਵਾਲ ਬਣਾਉਣ ਦਾ ਨੀਂਹ ਪੱਥਰ ਰੱਖਿਆ। ਉਹਨਾਂ ਇਸ ਪ੍ਰੋਜੈਕਟ ਨੂੰ ਲੰਬੇ ਸਮੇਂ ਲਈ ਪਿੰਡ ਵਾਸੀਆਂ ਨੂੰ ਆਵਾਜਾਈ, ਖ਼ਾਸ ਤੌਰ ਤੇ ਬਰਸਾਤੀ ਮੌਸਮ ਦੌਰਾਨ, ਹੋਣ ਵਾਲੀਆਂ ਮੁਸ਼ਕਲਾਂ ਤੋਂ ਰਾਹਤ ਪ੍ਰਦਾਨ ਕਰਨ ਵਾਲਾ ਕਦਮ ਕਿਹਾ। ਪਿੰਡ ਸਿੰਬੜੋ ’ਚ ਤਿਆਰ ਕੀਤੇ ਨਵੇਂ ਸ਼ਮਸ਼ਾਨ ਘਾਟ ਦੇ ਵੇਟਿੰਗ ਸ਼ੈੱਡ ਦਾ ਉਦਘਾਟਨ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਸਮਾਜ ਦੇ ਹਰ ਵਰਗ ਦੀਆਂ ਜਰੂਰਤਾਂ ਨੂੰ ਸਮਝਦਿਆਂ ਧਾਰਮਿਕ ਤੇ ਸਮਾਜਿਕ ਥਾਵਾਂ ਦੀ ਬਿਹਤਰੀ ਲਈ ਵਚਨਬੱਧ ਹੈ। ਗੁਰੂ ਘਰ ’ਚ ਸੰਗਤ ਨੂੰ ਸੰਬੋਧਨ ਕਰਦੇ ਹੋਏ ਡਾ. ਬਲਬੀਰ ਸਿੰਘ ਨੇ ਆਉਣ ਵਾਲੇ ਦਿਨਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਧਾਰਮਿਕ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਸਮਾਗਮਾਂ ਦੌਰਾਨ ਸਾਫ–ਸਫਾਈ ਬਰਕਰਾਰ ਰੱਖਣ। ਸਥਾਨਕ ਸੰਗਤ, ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਨੇ ਕੈਬਨਿਟ ਮੰਤਰੀ ਵੱਲੋਂ ਇਲਾਕੇ ਲਈ ਕੀਤੇ ਜਾ ਰਹੇ ਵਿਕਾਸਕਾਰੀ ਯਤਨਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਐੱਸਡੀਐੱਮ ਇਸਮਤ ਵਿਜੈ ਸਿੰਘ , ਪਿੰਡਾਂ ਦੇ ਪੰਚ ਸਰਪੰਚ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।