ਬੇਅਦਬੀ ਵਿਰੁੱਧ 'ਖ਼ਾਸ ਕਾਨੂੰਨ' ਬਣਾਵੇ ਸਰਕਾਰ: ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਚੁੱਕੀ ਮੰਗ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ‘ਵਿਸ਼ੇਸ਼ ਕਾਨੂੰਨ ’ ਬਣਾਇਆ ਜਾਵੇ। ਚੇਤੇ ਰਹੇ ਕਿ ਜਥੇਦਾਰ ਗੜਗੱਜ ਨੇ ਟਾਵਰ ਮੋਰਚਾ ਦੀ 4 ਅਪੈਲ 2025 ਦੀ ਪਹਿਲੀ ਫੇਰੀ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੋਧੀ ‘ਵੱਖਰਾ ਕਾਨੂੰਨ’ ਬਣਾਉਣ ਦੀ ਵਕਾਲਤ ਕੀਤੀ ਸੀ।
Publish Date: Sat, 14 Mar 2026 09:05 AM (IST)
Updated Date: Sat, 14 Mar 2026 09:07 AM (IST)

ਭਾਰਤ ਭੂਸ਼ਨ, ਪੰਜਾਬੀ ਜਾਗਰਣ, ਸਮਾਣਾ : ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ 17 ਮਹੀਨਿਆਂ ਤੋਂ ਭਾਈ ਗੁਰਜੀਤ ਸਿੰਘ ਫੌਜੀ ਭਾਰਤ ਸੰਚਾਰ ਨਿਗਮ ਦੇ 400 ਉੱਚੇ ਟਾਵਰ ’ਤੇ ਚੜ੍ਹੇ ਹੋਏ ਹਨ ਅਤੇ ਮੰਗ ਪੂਰੀ ਨਾ ਹੋਣ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਸਮਾਣਾ ਵਿਚ ਪਿਛਲੇ 18 ਦਿਨਾਂ ਤੋਂ ‘ਧਰਮ ਯੁੱਧ’ ਮੋਰਚਾ ਚਲਾਇਆ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ‘ਵਿਸ਼ੇਸ਼ ਕਾਨੂੰਨ ’ ਬਣਾਇਆ ਜਾਵੇ। ਚੇਤੇ ਰਹੇ ਕਿ ਜਥੇਦਾਰ ਗੜਗੱਜ ਨੇ ਟਾਵਰ ਮੋਰਚਾ ਦੀ 4 ਅਪੈਲ 2025 ਦੀ ਪਹਿਲੀ ਫੇਰੀ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੋਧੀ ‘ਵੱਖਰਾ ਕਾਨੂੰਨ’ ਬਣਾਉਣ ਦੀ ਵਕਾਲਤ ਕੀਤੀ ਸੀ। ਹੁਣ ਉਨ੍ਹਾਂ ਵੱਖਰੇ ਕਾਨੂੰਨ ਦੀ ਥਾਂ ’ਤੇ ਖ਼ਾਸ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਸੱਚ ਸਾਹਮਣੇ ਲਿਆਉਣ ਲਈ ਸਰਕਾਰ ਨੇ ਕਦੇ ਢੁਕਵੀਂ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਮੋਰਚੇ ਨੂੰ ਸਮਰਥਨ ਦਿੰਦਿਆਂ ਆਖਿਆ ਕਿ ਜੇ ਵਿਧਾਨ ਸਭਾ ਵਿਚ ਨਿੱਜੀ ਕਿੜਾਂ ਕੱਢਣ ਲਈ ਮਤੇ ਪਾਸ ਕੀਤੇ ਜਾ ਸਕਦੇ ਹਨ, ਤਾਂ ਬੇਅਦਬੀ ਵਿਰੋਧੀ ਕਾਨੂੰਨ ਕਿਉਂ ਪਾਸ ਨਹੀਂ ਕੀਤਾ ਜਾ ਸਕਦਾ? ਇਸ ਮੌਕੇ ਜਗਮੀਤ ਸਿੰਘ ਹਰਿਆਊ, ਗੋਪਾਲ ਸ਼ਰਮਾ, ਨਿਸ਼ਾਨ ਸਿੰਘ, ਅਮਰਜੀਤ ਸਿੰਘ ਟੋਡਰਪੁਰ, ਭਾਈ ਗੁਰਪ੍ਰੀਤ ਸਿੰਘ ਟਹਿਲ ਸੇਵਾ ਅੱਠੇ ਪਹਿਰ, ਭਾਈ ਤਲਵਿੰਦਰ ਸਿੰਘ ਔਲਖ ਤੇ ਸੰਗਤ ਹਾਜ਼ਰ ਸਨ।