ਪੁਲਿਸ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਕਰਵਾਉਣ ਲਈ ਵਚਨਬੱਧ : ਚਹਿਲ
-ਪਟਿਆਲਾ ਪੁਲਿਸ ਨਿਰਪੱਖ, ਪਾਰਦਰਸ਼ੀ ਤੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਕਰਵਾਉਣ ਲਈ ਵਚਨਬੱਧ: ਡੀ.ਆਈ.ਜੀ. ਕੁਲਦੀਪ ਸਿੰਘ ਚਹਿਲ
Publish Date: Fri, 12 Dec 2025 05:13 PM (IST)
Updated Date: Fri, 12 Dec 2025 05:15 PM (IST)

ਫੋਟੋ 12ਪੀਟੀਐਲ: 10 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਪੁਲਿਸ ਨੇ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਫਲੈਗ ਮਾਰਚ ਕਰਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025 ਦੇ ਅਮਲ ਨੂੰ ਨਿਰਪੱਖ, ਪਾਰਦਰਸ਼ੀ, ਅਮਨ-ਅਮਾਨ ਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਆਪਣੀ ਵਚਨਬੱਧਤਾ ਪ੍ਰਗਟਾਈ। ਇੱਥੇ ਸਰਹਿੰਦ ਰੋਡ ਵਿਖੇ ਪਿੰਡ ਬਾਰਨ ਵਿਖੇ ਐਸ.ਪੀ. ਸਥਾਨਕ ਵੈਭਵ ਚੌਧਰੀ ਤੇ ਐਸ.ਪੀ ਸਿਟੀ ਪਲਵਿੰਦਰ ਸਿੰਘ ਚੀਮਾ ਦੀ ਰਹਿਨੁਮਾਈ ਹੇਠ ਇਕੱਠੀ ਹੋਈ ਪੁਲਿਸ ਫੋਰਸ ਨੇ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਚੋਣਾਂ ਵਾਲੇ ਪਿੰਡਾਂ ਅੰਦਰ ਫਲੈਗ ਮਾਰਚ ਕੀਤਾ। ਡੀਆਈਜੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਅੰਦਰ ਸਾਂਤੀਪੂਰਨ ਤੇ ਅਮਨ ਅਮਾਨ ਨਾਲ ਵੋਟਾਂ ਪੁਆਈਆਂ ਜਾਣਗੀਆਂ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਨੂੰਨ ਆਪਣੇ ਹੱਥ ਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਸੁਰੱਖਿਆ ਰਣਨੀਤੀ ਬਣਾ ਲਈ ਹੈ ਅਤੇ ਉਸੇ ਮੁਤਾਬਕ ਜ਼ਿਲ੍ਹੇ ਭਰ ਅੰਦਰ ਐਸ.ਪੀਜ, ਡੀ.ਐਸਪੀਜ ਤੇ ਹੋਰ ਅਧਿਕਾਰੀਆਂ ਦੀ ਅਗਵਾਈ ਹੇਠ ਸਾਰੇ ਬਲਾਕਾਂ ਅੰਦਰ ਸੁਰੱਖਿਆ ਫੋਰਸ ਦੀ ਤਾਇਨਾਤੀ ਕੀਤੀ ਜਾਵੇਗੀ। ਡੀ.ਆਈ.ਜੀ. ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਿਵਲ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਪਛਾਣ ਕੀਤੇ ਗਏ 21 ਅਤਿਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਅਤੇ 159 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਵਿਖੇ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵਾਧੂ ਸੁਰੱਖਿਆ ਫੋਰਸ ਦੀ ਵੀ ਤਾਇਨਾਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਪਟਿਆਲਾ ਨਾਲ ਲੱਗਦੇ ਗਵਾਂਢੀ ਜ਼ਿਲ੍ਹਿਆਂ ਵਿਖੇ ਨਜ਼ਾਇਜ ਸ਼ਰਾਬ, ਹਥਿਆਰਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਨਗ਼ਦੀ ਦੇ ਗ਼ੈਰਕਾਨੂੰਨੀ ਪ੍ਰਵਾਹ ਨੂੰ ਰੋਕਣ ਲਈ ਅੰਤਰ-ਰਾਜੀ ਨਾਕੇ 12 ਦਸੰਬਰ ਤੋਂ 24 ਘੰਟੇ ਅੰਤਰਰਾਜੀ ਸਾਂਝੇ ਨਾਕੇ ਲਾਏ ਜਾਣ ਤੋਂ ਇਲਾਵਾ ਗਸ਼ਤ ਤੇ ਹੋਰ ਲੋੜੀਂਦੇ ਕਦਮ ਵੀ ਚੁੱਕੇ ਗਏ ਹਨ। ਐਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਸ ਫਲੈਗ ਮਾਰਚ ਦਾ ਮੰਤਵ ਵੋਟਰਾਂ ਚ ਇਹ ਸੁਨੇਹਾ ਪਹੁੰਚਾਉਣਾ ਹੈ ਕਿ ਉਹ ਬਿਨ੍ਹਾਂ ਕਿਸੇ ਡਰ ਭੈ ਤੋਂ ਆਪਣੀਆਂ ਵੋਟਾਂ ਪਾਉਣ ਅਤੇ ਸ਼ਰਾਰਤੀ ਅਨਸਰਾਂ ਲਈ ਵੀ ਇਹ ਫਲੈਗ ਮਾਰਚ ਸਖ਼ਤ ਸੁਨੇਹਾ ਹੁੰਦਾ ਹੈ। ਇਸ ਮੌਕੇ ਡੀ.ਐਸ.ਪੀਜ ਸਤਨਾਮ ਸਿੰਘ ਤੇ ਜੰਗਜੀਤ ਸਿੰਘ ਰੰਧਾਵਾ ਸਮੇਤ ਥਾਣਿਆਂ ਦੇ ਮੁਖੀ ਤੇ ਵੱਡੀ ਗਿਣਤੀ ਪੁਲਿਸ ਫੋਰਸ ਮੌਜੂਦ ਰਹੀ।