ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਦਾ ਜਵਾਬ ਤਸੱਲੀਬਖਸ਼ ਨਾ ਪਾਇਆ ਗਿਆ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਸਭ ਤੋਂ ਵੱਧ 57 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਾਨਸਾ ਜ਼ਿਲ੍ਹੇ ਵਿੱਚ ਨੋਟਿਸ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਤਰਨਤਾਰਨ ਵਿੱਚ 33, ਮੋਗਾ ਵਿੱਚ 19, ਬਰਨਾਲਾ ਵਿੱਚ 12 ਅਤੇ ਫਰੀਦਕੋਟ ਵਿੱਚ 9 ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਪੰਜਾਬ ਵਿਚ ਕਣਕ ਦੀ ਨਾੜ ਫੂਕਣ ਦੇ ਮਾਮਲਿਆਂ 'ਤੇ ਪ੍ਰਸ਼ਾਸਨ ਨੇ ਹੁਣ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਸੂਬਾ ਸਰਕਾਰ ਨੇ ਪ੍ਰਬੰਧਨ ਨੂੰ ਲੈ ਕੇ ਲਾਪਰਵਾਹੀ ਵਰਤਣ ਵਾਲੇ ਵੱਖ-ਵੱਖ ਜ਼ਿਲ੍ਹਿਆਂ ਦੇ 130 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਦਾ ਜਵਾਬ ਤਸੱਲੀਬਖਸ਼ ਨਾ ਪਾਇਆ ਗਿਆ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਸਭ ਤੋਂ ਵੱਧ 57 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਾਨਸਾ ਜ਼ਿਲ੍ਹੇ ਵਿੱਚ ਨੋਟਿਸ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਤਰਨਤਾਰਨ ਵਿੱਚ 33, ਮੋਗਾ ਵਿੱਚ 19, ਬਰਨਾਲਾ ਵਿੱਚ 12 ਅਤੇ ਫਰੀਦਕੋਟ ਵਿੱਚ 9 ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ ਨੋਡਲ ਅਫ਼ਸਰ, ਸੁਪਰਵਾਈਜ਼ਰੀ ਸਟਾਫ਼ ਅਤੇ ਹੋਰ ਸਬੰਧਤ ਕਰਮਚਾਰੀ ਸ਼ਾਮਲ ਹਨ, ਜਿਨ੍ਹਾਂ 'ਤੇ ਨਾੜ ਫੂਕਣ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਪ੍ਰਭਾਵਸ਼ਾਲੀ ਨਿਗਰਾਨੀ ਨਾ ਕਰਨ ਦੇ ਦੋਸ਼ ਹਨ।
ਦੂਜੇ ਪਾਸੇ ਸੂਬੇ ਵਿੱਚ ਲਗਾਤਾਰ ਵਧ ਰਹੀਆਂ ਨਾੜ ਸਾੜਣ ਦੀਆਂ ਘਟਨਾਵਾਂ ਨੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਹੁਣ ਤੱਕ ਕਣਕ ਦੀ ਨਾੜ ਸਾੜਣ ਦੇ ਕੁੱਲ 9,568 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 906 ਮਾਮਲੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮੋਗਾ ਵਿੱਚ 743 ਅਤੇ ਬਠਿੰਡਾ ਵਿੱਚ 740 ਘਟਨਾਵਾਂ ਦਰਜ ਹੋਈਆਂ ਹਨ। ਉੱਥੇ ਹੀ, ਰੋਪੜ ਜ਼ਿਲ੍ਹੇ ਵਿੱਚ ਸਭ ਤੋਂ ਘੱਟ 24 ਮਾਮਲੇ ਸਾਹਮਣੇ ਆਏ ਹਨ। ਅਮ੍ਰਿਤਸਰ ਵਿਚ 698, ਬਰਨਾਲਾ 344, ਫਤਿਹਗੜ੍ਹ ਸਾਹਿਬ 119, ਫਰੀਦਕੋਟ 368, ਫਾਜਿਲਕਾ 412, ਫਿਰੋਜਪੁਰ 906, ਗੁਰਦਾਸਪਰ 629,ਹੁਸ਼ਿਆਰਪੁਰ 233, ਜਲੰਧਰ 375, ਕਪੂਰਥਲਾ 328, ਲੁਧਿਆਣਾ 612, ਮਾਨਸਾ 344, ਮੋਗਾ 743, ਮੁਕਤਸਰ 533, ਨਵਾਂ ਸ਼ਹਿਰ 130, ਪਠਾਣਕੋਟ 37, ਪਟਿਆਲਾ 406, ਮੋਹਾਲੀ 26, ਸੰਗਰੂਰ 681, ਤਰਨ ਤਾਰਨ 712, ਮਲੇਰਕੋਟਲਾ 168 ਥਾਈ ਨਾੜ ਸਾੜਣ ਦੇ ਮਾਮਲੇ ਰਿਪੋਰਟ ਹੋਏ ਹਨ।
1.09 ਕਰੋੜ ਜੁਰਮਾਨਾ, 767 ਐਫਆਈਆਰ
ਪ੍ਰਸ਼ਾਸਨ ਵੱਲੋਂ ਨਾੜ ਫੂਕਣ ਵਾਲਿਆਂ ਨੂੰ ਜੁਰਮਾਨੇ ਵੀ ਲਗਾਏ ਜਾ ਰਹੇ ਹਨ। ਹੁਣ ਤੱਕ ਕੁੱਲ 1 ਕਰੋੜ 9 ਲੱਖ 35 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾ ਚੁੱਕਾ ਹੈ। ਇਸ ਜੁਰਮਾਨੇ ਵਿੱਚੋਂ ਹੁਣ ਤੱਕ ਸਿਰਫ਼ 7 ਲੱਖ 80 ਹਜ਼ਾਰ ਰੁਪਏ ਦੀ ਹੀ ਵਸੂਲੀ ਹੋ ਸਕੀ ਹੈ। ਇਸ ਤੋਂ ਇਲਾਵਾ 767 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ, ਜਦਕਿ 866 ਫਰਦਾਂ ਵਿਚ ਰੈੱਡ ਐਂਟਰੀ ਕੀਤੀ ਗਈ ਹੈ।