ਫਤਹਿਗੜ੍ਹ ਸਾਹਿਬ: ਨਗਰ ਕੌਂਸਲ ਚੋਣਾਂ ਲਈ ਪ੍ਰਬੰਧ ਮੁਕੰਮਲ, ਚੋਣ ਸਮੱਗਰੀ ਸਮੇਤ ਪੋਲਿੰਗ ਪਾਰਟੀਆਂ ਰਵਾਨਾ
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 141 ਬੂਥ ਬਣਾਏ ਗਏ ਹਨ, ਜਿਸ ਵਿੱਚੋਂ 02 ਬੂਥਾਂ ਲਈ ਇੱਕ ਉਮੀਦਵਾਰ ਬਿਨ੍ਹਾਂ ਚੋਣ ਜੇਤੂ ਐਲਾਨਿਆ ਗਿਆ ਹੈ ਅਤੇ 139 ਬੂਥਾਂ ਲਈ 139 ਪੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ 50 ਬੂਥ ਸੰਵੇਦਨਸ਼ੀਲ ਹਨ ਅਤੇ 21 ਬੂਥ ਅਤਿ ਸੰਵੇਦਨਸ਼ੀਲ ਹਨ।
Publish Date: Mon, 25 May 2026 04:28 PM (IST)
Updated Date: Mon, 25 May 2026 04:29 PM (IST)
ਸਟਾਫ ਰਿਪੋਰਟਰ, ਫਤਹਿਗੜ੍ਹ ਸਾਹਿਬ । ਪੰਜਾਬ ਰਾਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ-2026 ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ, ਪੋਲਿੰਗ ਪਾਰਟੀਆਂ ਨੂੰ ਅੱਜ, ਉਨ੍ਹਾਂ ਦੇ ਨਿਰਧਾਰਤ ਪੋਲਿੰਗ ਸਟੇਸ਼ਨਾਂ ਲਈ ਚੋਣ ਸਮੱਗਰੀ ਸਮੇਤ ਰਵਾਨਾ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸ਼ਾਂਤੀਪੂਰਨ, ਨਿਰਪੱਖ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਕਰ ਲਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਹਰੇਕ ਵੋਟਰ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਵੋਟ ਪਾਉਣ ਦੇ ਅਧਿਕਾਰ ਦੀ ਰਾਖੀ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਜ਼ਾਬਤੇ ਦੀ ਪਾਲਣਾ ਕਰਨ ਅਤੇ ਪੋਲਿੰਗ ਸਟੇਸ਼ਨਾਂ 'ਤੇ ਸ਼ਾਂਤੀ ਬਣਾਈ ਰੱਖਣ ਵਿੱਚ ਸਹਿਯੋਗ ਦੇਣ।
ਉਨ੍ਹਾ ਦੱਸਿਆ ਕਿ ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਸਾਹਿਬ ਲਈ ਪੋਲਿੰਗ ਪਾਰਟੀਆਂ ਨੂੰ ਮਾਤਾ ਗੁਜਰੀ ਸਕੂਲ ਆਫ ਐਮੀਨੈਂਸ ਫਤਹਿਗੜ੍ਹ ਸਾਹਿਬ ਤੋਂ ਰਵਾਨਾ ਕੀਤਾ ਗਿਆ, ਇਸੇ ਤਰ੍ਹਾਂ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਤੋਂ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਸਮੇਤ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਬਸੀ ਪਠਾਣਾ ਲਈ ਆਈ.ਟੀ.ਆਈ.ਬਸੀ ਪਠਾਣਾ ਅਤੇ ਨਗਰ ਪੰਚਾਇਤ ਖਮਾਣੋਂ ਲਈ ਸਕੂਲ ਆਫ ਐਮੀਨੈਂਸ ਖਮਾਣੋਂ ਤੋਂ ਪੋਲਿੰਗ ਪਾਰਟੀਆਂ ਨੂੰ ਸਮੇਤ ਚੋਣ ਸਮੱਗਰੀ ਰਵਾਨਾ ਕੀਤਾ ਗਿਆ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਵੋਟਾਂ ਦੇ ਕੰਮ ਨੂੰ ਪਾਰਦਰਸ਼ੀ ਅਤੇ ਸੁਖਾਵੇਂ ਮਾਹੌਲ ਵਿੱਚ ਨੇਪਰੇ ਚੜਾਉਣ ਲਈ ਚੋਣ ਅਮਲੇ ਵਿੱਚ 1057 ਅਧਿਕਾਰੀ ਤੇ ਕਰਮਚਾਰੀ ਅਤੇ ਸੁਰੱਖਿਆ ਪੱਖੋਂ 870 ਪੁਲਿਸ ਮੁਲਾਜਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 141 ਬੂਥ ਬਣਾਏ ਗਏ ਹਨ, ਜਿਸ ਵਿੱਚੋਂ 02 ਬੂਥਾਂ ਲਈ ਇੱਕ ਉਮੀਦਵਾਰ ਬਿਨ੍ਹਾਂ ਚੋਣ ਜੇਤੂ ਐਲਾਨਿਆ ਗਿਆ ਹੈ ਅਤੇ 139 ਬੂਥਾਂ ਲਈ 139 ਪੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ 50 ਬੂਥ ਸੰਵੇਦਨਸ਼ੀਲ ਹਨ ਅਤੇ 21 ਬੂਥ ਅਤਿ ਸੰਵੇਦਨਸ਼ੀਲ ਹਨ।