ਕਿਸਾਨ ਦੇ ਖਾਤੇ ’ਚੋਂ 26 ਲੱਖ ਰੁਪਏ ਨਿਕਲਣ ਤੇ ਕਿਸਾਨ ਯੂਨੀਅਨ ਨੇ ਲਗਾਇਆ ਧਰਨਾ

ਗੁਰਚਰਨ ਜੰਜੂਆ, ਪੰਜਾਬੀ ਜਾਗਰਣ, ਅਮਲੋਹ : ਐੱਚਡੀਐੱਫਸੀ ਦੀ ਅਮਲੋਹ ਬ੍ਰਾਂਚ ’ਚੋਂ ਇਕ ਕਿਸਾਨ ਦੀ ਬੈਂਕ ਲਿਮਟ ਦੇ ਖਾਤੇ ’ਚੋਂ 26 ਲੱਖ ਰੁਪਏ ਭੇਤਭਰੀ ਹਾਲਤ ਵਿਚ ਗਾਇਬ ਹੋਣ ਦੇ ਮਾਮਲੇ ਨੂੰ ਲੈ ਕੇ ਭਾਕਿਯੂ (ਡਕੌਦਾ) ਦੀ ਅਗਵਾਈ ’ਚ ਕਿਸਾਨਾਂ ਨੇ ਬ੍ਰਾਂਚ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਅਤੇ ਬੈਂਕ ਨੂੰ ਬਾਹਰੋਂ ਬੰਦ ਕਰਕੇ ਸਾਰਾ ਕੰਮਕਾਜ ਠੱਪ ਕਰ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆ ਯੂਨੀਅਨ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਗੁਰਬਚਨ ਸਿੰਘ ਕਨਸੂਹਾ, ਜਨਰਲ ਸਕੱਤਰ ਜਗਮੇਲ ਸਿੰਘ ਸੁਧੇਵਾਲ, ਸੂਬਾਈ ਆਗੂ ਦਲਜਿੰਦਰ ਸਿੰਘ ਆਲੋਵਾਲ, ਬਲਾਕ ਭਾਦਸੋ ਦੇ ਪ੍ਰਧਾਨ ਸਰਬਜੀਤ ਸਿੰਘ ਭੜੀ, ਜਨਰਲ ਸਕੱਤਰ ਪ੍ਰਗਟ ਸਿੰਘ ਦੰਦਰਾਲਾ ਤੇ ਗੁਰਜੀਤ ਸਿੰਘ ਦਰਗਾਪੁਰ ਅਤੇ ਪਰਵਿੰਦਰ ਸਿੰਘ ਆਲੋਵਾਲ ਨੇ ਦੱਸਿਆ ਕਿ ਬੈਂਕ ’ਚੋਂ ਰਾਮ ਸਿੰਘ ਵਾਸੀ ਆਲੋਵਾਲ ਤੇ ਉਸ ਦੇ ਭਰਾ ਹਰਮੇਲ ਸਿੰਘ ਦੀ ਸਾਂਝੀ ਲਿਮਟ ਦੇ ਖਾਤੇ ’ਚੋਂ ਭੇਤਭਰੀ ਹਾਲਤ ਵਿਚ 26 ਲੱਖ ਰੁਪਏ ਦੀ ਰਾਸ਼ੀ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ ਗਾਇਬ ਹੋ ਗਈ, ਜਿਸ ਸਬੰਧੀ ਉੱਚ ਅਧਿਕਾਰੀਆਂ ਤੇ ਸਾਈਬਰ ਕਰਾਇਮ ਪਾਸ ਸਿਕਾਇਤਾਂ ਭੇਜਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਅੱਜ ਅਣਮਿੱਥੇ ਸਮੇਂ ਲਈ ਇਹ ਧਰਨਾ ਸ਼ੁਰੂ ਕੀਤਾ ਹੈ। ਪੀੜਤ ਕਿਸਾਨ ਰਾਮ ਸਿੰਘ ਨੇ ਦੱਸਿਆ ਕਿ ਉਸ ਦੀ ਅਤੇ ਉਸ ਦੇ ਭਰਾ ਦੀ ਐੱਚਡੀਐੱਫਸੀ ਬੈਂਕ ਪਟਿਆਲਾ ਬ੍ਰਾਂਚ ਵਿਚ 52 ਲੱਖ ਰੁਪਏ ਦੀ ਲਿਮਟ ਸੀ, ਜਿਸ ’ਚੋਂ ਉਨ੍ਹਾਂ 26 ਲੱਖ ਰੁਪਏ ਦੀ ਆਪਣੀ ਲੋੜ ਲਈ ਰਾਸ਼ੀ ਕਢਵਾ ਲਈ ਸੀ। ਉਨ੍ਹਾਂ ਦੱਸਿਆ ਕਿ 18 ਅਗਸਤ 2025 ਨੂੰ ਉਸ ਦਾ ਵ੍ਹਟਸਅੱਪ ਕੁੱਝ ਮਿੰਟਾਂ ਲਈ ਹੈਂਗ ਹੋ ਗਿਆ ਤਾਂ ਉਸ ਨੇ ਤੁਰੰਤ ਬੈਂਕ ਨਾਲ ਸੰਪਰਕ ਕਰਕੇ ਲਿਖਤੀ ਸ਼ਿਕਾਇਤ ਦਿੱਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਬੈਂਕਾਂ ’ਚੋਂ ਇਸ ਤਰ੍ਹਾਂ ਪੈਸੇ ਨਹੀਂ ਨਿਕਲ ਦੇ ਜੇ ਅਜਿਹਾ ਹੁੰਦਾ ਤਾਂ ਬੈਂਕਾਂ ਖ਼ਾਲੀ ਹੋ ਜਾਂਦੀਆਂ। ਉਨ੍ਹਾਂ ਦੱਸਿਆ ਕਿ 15 ਸਤੰਬਰ 2025 ਨੂੰ ਉਨ੍ਹਾਂ 5 ਲੱਖ ਰੁਪਏ ਦਾ ਅੰਮ੍ਰਿਤਪਾਲ ਸਿੰਘ ਦੇ ਨਾਮ ਚੈੱਕ ਦਿੱਤਾ ਪਰ ਖਾਤੇ ਵਿਚ ਪੈਸੇ ਨਾ ਪੈਣ ਕਾਰਨ 16 ਸਤੰਬਰ ਨੂੰ ਜਦੋਂ ਉਨ੍ਹਾਂ ਪਟਿਆਲਾ ਸਥਿਤ ਬੈਂਕ ਵਿਚ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਤੁਹਾਡਾ ਖਾਤਾ ਅਮਲੋਹ ਟਰਾਂਸਫ਼ਰ ਹੋ ਚੁੱਕਿਆ ਹੈ। ਜਿੱਥੋਂ 13 ਤੋਂ 15 ਸਤੰਬਰ ਤੱਕ 26 ਲੱਖ ਰੁਪਏ ਦੀ ਰਾਸ਼ੀ ਨਿਕਲ਼ ਚੁੱਕੀ ਹੈ ਜਦੋ ਕਿ ਉਨ੍ਹਾਂ ਨਾ ਹੀ ਖਾਤਾ ਟਰਾਂਸਫ਼ਰ ਕਰਵਾਇਆ ਅਤੇ ਨਾ ਹੀ ਇਹ ਰਾਸ਼ੀ ਕਢਵਾਈ। ਉਸ ਨੇ ਦੋਸ਼ ਲਾਇਆ ਕਿ ਇਹ ਸਾਰਾ ਕੁੱਝ ਕਥਿਤ ਬੈਂਕ ਅਧਿਕਾਰੀਆਂ ਦੀ ਮਿਲੀ ਭੁਗਤ ਦਾ ਨਤੀਜਾ ਹੈ ਜਿਸ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਮੇਰੇ ਪੈਸੇ ਵਾਪਸ ਕਰਵਾਏ ਜਾਣ। ਇਸ ਸਬੰਧੀ ਐੱਚਡੀਐੱਫਸੀ ਬਰਾਂਚ ਅਮਲੋਹ ਮੈਨੇਜਰ ਪ੍ਰਿੰਸ ਵਾਲੀਆ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਪੱਧਰ ’ਤੇ ਇਸ ਸਬੰਧੀ ਕੁੱਝ ਵੀ ਨਹੀਂ ਕਹਿ ਸਕਦੇ ਕਿਉਂਕਿ ਉਚ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਜਿਸ ਅਧਿਕਾਰੀ ਦਾ ਨੰਬਰ ਦਿੱਤਾ ਉਸ ਨੇ ਵੀ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਜਦੋਂ ਇਸ ਸਬੰਧੀ ਇਹ ਲਿਮਟ ਕਰਨ ਵਾਲੇ ਮੁਲਾਜ਼ਮ ਹਰਜਿੰਦਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਬਾਰੇ ਕੁੱਝ ਨਹੀਂ ਦੱਸ ਸਕਦਾ।