ਮੌਤ ਦੇ 2 ਦਿਨ ਬਾਅਦ ਵੀ ਦੋਸ਼ੀ ਪੁਲਿਸ ਦੀ ਪਹੁੰਚ ਤੋਂ ਬਾਹਰ: ਪਟਿਆਲਾ-ਰਾਜਪੁਰਾ ਰੋਡ 'ਤੇ ਲੱਗੀਆਂ ਵਾਹਨਾਂ ਦੀਆਂ ਕਤਾਰਾਂ, ਪਰਿਵਾਰ ਬੋਲਿਆ ਇਨਸਾਫ਼ ਮਿਲਣ ਤੱਕ ਨਹੀਂ ਹਟਾਂਗੇ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭਿਆਨਕ ਸੜਕ ਹਾਦਸਾ ਦੋ ਦਿਨ ਪਹਿਲਾਂ ਵਾਪਰਿਆ ਸੀ, ਜਿਸ ਵਿੱਚ ਮਥੁਰਾ ਕਾਲੋਨੀ ਦੇ ਨੌਜਵਾਨ ਰੋਹਿਤ ਦੀ ਜਾਨ ਚਲੀ ਗਈ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਰੋਹਿਤ ਦੀ ਮੌਤ 'ਸ਼ਿਵ ਮੋਟਰਜ਼' ਨਾਮਕ ਇੱਕ ਨਿੱਜੀ ਟ੍ਰਾਂਸਪੋਰਟ ਕੰਪਨੀ ਦੀ ਬੱਸ ਨਾਲ ਹੋਈ ਸਿੱਧੀ ਟੱਕਰ ਕਾਰਨ ਹੋਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬੱਸ ਚਾਲਕ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੇ ਘਰ ਦਾ ਚਿਰਾਗ ਬੁੱਝ ਗਿਆ।
Publish Date: Tue, 19 May 2026 10:51 AM (IST)
Updated Date: Tue, 19 May 2026 10:53 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ। ਪਟਿਆਲਾ ਦੇ ਮਥੁਰਾ ਕਾਲੋਨੀ ਦੇ ਰਹਿਣ ਵਾਲੇ ਇੱਕ 20 ਸਾਲਾ ਨੌਜਵਾਨ ਰੋਹਿਤ ਦੀ ਸੜਕ ਹਾਦਸੇ ਵਿੱਚ ਹੋਈ ਦਰਦਨਾਕ ਮੌਤ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਕਥਿਤ ਤੌਰ 'ਤੇ ਢੁੱਕਵੀਂ ਕਾਰਵਾਈ ਨਾ ਕੀਤੇ ਜਾਣ ਤੋਂ ਨਾਰਾਜ਼ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਵੱਲੋਂ ਅੱਜ ਪਟਿਆਲਾ-ਰਾਜਪੁਰਾ ਰੋਡ 'ਤੇ ਸਥਿਤ ਐੱਸ.ਐੱਸ.ਟੀ. ਨਗਰ ਚੌਕ ਵਿਖੇ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਚੌਕ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭਿਆਨਕ ਸੜਕ ਹਾਦਸਾ ਦੋ ਦਿਨ ਪਹਿਲਾਂ ਵਾਪਰਿਆ ਸੀ, ਜਿਸ ਵਿੱਚ ਮਥੁਰਾ ਕਾਲੋਨੀ ਦੇ ਨੌਜਵਾਨ ਰੋਹਿਤ ਦੀ ਜਾਨ ਚਲੀ ਗਈ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਰੋਹਿਤ ਦੀ ਮੌਤ 'ਸ਼ਿਵ ਮੋਟਰਜ਼' ਨਾਮਕ ਇੱਕ ਨਿੱਜੀ ਟ੍ਰਾਂਸਪੋਰਟ ਕੰਪਨੀ ਦੀ ਬੱਸ ਨਾਲ ਹੋਈ ਸਿੱਧੀ ਟੱਕਰ ਕਾਰਨ ਹੋਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬੱਸ ਚਾਲਕ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੇ ਘਰ ਦਾ ਚਿਰਾਗ ਬੁੱਝ ਗਿਆ।
ਧਰਨੇ 'ਤੇ ਬੈਠੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਾਦਸੇ ਨੂੰ ਦੋ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਦੋਸ਼ੀ ਬੱਸ ਚਾਲਕ ਜਾਂ ਟ੍ਰਾਂਸਪੋਰਟ ਕੰਪਨੀ ਖ਼ਿਲਾਫ਼ ਕੋਈ ਸਖ਼ਤ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ। ਪਰਿਵਾਰ ਨੇ ਖ਼ਦਸ਼ਾ ਜਤਾਇਆ ਹੈ ਕਿ ਪੁਲਿਸ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਧਰਨੇ ਕਾਰਨ ਪਟਿਆਲਾ-ਰਾਜਪੁਰਾ ਰੋਡ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਕੇ 'ਤੇ ਪਹੁੰਚੀ ਪੁਲਿਸ ਫੋਰਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਅਤੇ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪਰਿਵਾਰ ਹਾਲੇ ਵੀ ਆਪਣੀ ਮੰਗ 'ਤੇ ਅੜਿਆ ਹੋਇਆ ਹੈ।