ਮਾਲੇਰਕੋਟਲਾ ’ਚ ਜਾਅਲੀ ਕਰੰਸੀ ਦਾ ਮਾਡਿਊਲ ਬੇਨਕਾਬ ; 5.50 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਚਾਰ ਗ੍ਰਿਫ਼ਤਾਰ, ਕਾਊਂਟਰ ਇੰਟੈਲੀਜੈਂਸ ਪਟਿਆਲਾ ਦੀ ਵੱਡੀ ਕਾਰਵਾਈ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਸਾਰੇ ਜਾਅਲੀ ਨੋਟ 500-500 ਰੁਪਏ ਦੇ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਰਾਜ ਮੁਹੰਮਦ ਦਾ ਪਹਿਲਾਂ ਵੀ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਐਨਡੀਪੀਐਸ ਐਕਟ ਤਹਿਤ ਇੱਕ ਐਫਆਈਆਰ ਦਰਜ ਹੈ।
Publish Date: Mon, 18 May 2026 06:18 PM (IST)
Updated Date: Mon, 18 May 2026 06:20 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਪਟਿਆਲਾ : ਕਾਊਂਟਰ ਇੰਟੈਲੀਜੈਂਸ ਪਟਿਆਲਾ (ਸੀਆਈ ਯੂਨਿਟ ਮਾਲੇਰਕੋਟਲਾ) ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਜਾਅਲੀ ਕਰੰਸੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ 5.50 ਲੱਖ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਅੱਜ ਸੋਮਵਾਰ ਨੂੰ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਜ਼ਰ ਖ਼ਾਨਵਾਸੀ ਪਿੰਡ ਝੁਨੀਰ, ਮਾਲੇਰਕੋਟਲਾ, ਰਾਜ ਮੁਹੰਮਦ (ਵਾਸੀ ਧੂਰੀ, ਸੰਗਰੂਰ), ਮੁਖਤਿਆਰ ਸਿੰਘ ਉਰਫ਼ ਗੁਰਜੀਤ ਸਿੰਘ (ਵਾਸੀ ਪਿੰਡ ਮਲਿਕਪੁਰ, ਜੀਂਦ, ਹਰਿਆਣਾ) ਤੇ ਆਸਿਫ਼ ਅਲੀ (ਵਾਸੀ ਮਾਲੇਰਕੋਟਲਾ) ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਸਾਰੇ ਜਾਅਲੀ ਨੋਟ 500-500 ਰੁਪਏ ਦੇ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਰਾਜ ਮੁਹੰਮਦ ਦਾ ਪਹਿਲਾਂ ਵੀ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਐਨਡੀਪੀਐਸ ਐਕਟ ਤਹਿਤ ਇੱਕ ਐਫਆਈਆਰ ਦਰਜ ਹੈ। ਉਨ੍ਹਾਂ ਦੱਸਿਆ ਕਿ ਇਸ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏਆਈਜੀ ਸੀਆਈ ਪਟਿਆਲਾ ਡਾ. ਸਿਮਰਤ ਕੌਰ ਨੇ ਦੱਸਿਆ ਕਿ ਸੀਆਈ ਯੂਨਿਟ ਮਾਲੇਰਕੋਟਲਾ ਦੀ ਟੀਮ ਵੱਲੋਂ ਚਲਾਈ ਗਈ ਇੱਕ ਬਾਰੀਕੀ ਭਰੀ ਮੁਹਿੰਮ ਦੌਰਾਨ ਪਹਿਲਾਂ ਦੋ ਸ਼ੱਕੀ ਵਿਅਕਤੀਆਂ ਨਜ਼ਰ ਖ਼ਾਨ ਅਤੇ ਰਾਜ ਮੁਹੰਮਦ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 4 ਲੱਖ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ। ਪੁੱਛਗਿੱਛ ਅਤੇ ਅਗਲੇਰੀ ਜਾਂਚ ਦੌਰਾਨ ਦੋ ਹੋਰ ਮੁਲਜ਼ਮਾਂ ਮੁਖਤਿਆਰ ਸਿੰਘ ਉਰਫ਼ ਗੁਰਜੀਤ ਸਿੰਘ ਅਤੇ ਆਸਿਫ਼ ਅਲੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਕੋਲੋਂ 1.5 ਲੱਖ ਰੁਪਏ ਦੀ ਹੋਰ ਜਾਅਲੀ ਕਰੰਸੀ ਬਰਾਮਦ ਕੀਤੀ ਗਈ।
ਏਆਈਜੀ ਨੇ ਕਿਹਾ ਕਿ ਜਿਵੇਂ-ਜਿਵੇਂ ਜਾਂਚ ਅੱਗੇ ਵਧੇਗੀ, ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਸਬੰਧ ਵਿਚ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 179 ਅਤੇ 180 ਤਹਿਤ ਮਿਤੀ 17.05.2026 ਨੂੰ ਥਾਣਾ ਅਮਰਗੜ੍ਹ (ਮਾਲੇਰਕੋਟਲਾ) ਵਿਖੇ ਮੁਕੱਦਮਾ ਨੰਬਰ 159 ਦਰਜ ਕੀਤਾ ਗਿਆ ਹੈ।