ਰਾਜਾ ਰਣਧੀਰ ਸਿੰਘ ਦਾ ਜਨਮ 18 ਅਕਤੂਬਰ 1946 ਨੂੰ ਪਟਿਆਲਾ ਦੇ ਸ਼ਾਹੀ ਪਰਿਵਾਰ ’ਚ ਹੋਇਆ। ਉਹ ਪਟਿਆਲਾ ਦੇ ਮਹਾਰਾਜਾ ਭੂਪਿੰਦਰ ਸਿੰਘ ਦੇ ਪੋਤਰੇ ਅਤੇ ਰਾਜਾ ਭਾਲਿੰਦਰ ਸਿੰਘ ਦੇ ਸਪੁੱਤਰ ਹਨ। ਪਟਿਆਲਾ ਰਿਆਸਤ ਦਾ ਖੇਡਾਂ ਨਾਲ ਰਿਸ਼ਤਾ ਸਦੀਆਂ ਪੁਰਾਣਾ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ: ਜਦੋਂ ਵੀ ਕੌਮਾਂਤਰੀ ਖੇਡ ਮੰਚਾਂ ’ਤੇ ਭਾਰਤ ਦੀ ਸਾਖ਼, ਸਿਰੜ ਅਤੇ ਰੁਤਬੇ ਦੀ ਗੱਲ ਤੁਰੇਗੀ, ਤਾਂ ਰਾਜਾ ਰਣਧੀਰ ਸਿੰਘ ਦਾ ਨਾਂ ਓਲੰਪਿਕ ਦੇ ਪੰਜ ਰੰਗੇ ਛੱਲਿਆਂ ਵਾਂਗ ਚਮਕਦਾ ਨਜ਼ਰ ਆਵੇਗਾ। ਪਟਿਆਲਾ ਦੀ ਸ਼ਾਹੀ ਵਿਰਾਸਤ ਦੀ ਗੋਦ ’ਚੋਂ ਨਿਕਲ ਕੇ ਖੇਡਾਂ ਦੇ ਆਲਮੀ ਨਕਸ਼ੇ ’ਤੇ ਅਮਿੱਟ ਛਾਪ ਛੱਡਣ ਵਾਲੀ ਇਹ ਸ਼ਖਸੀਅਤ ਮਹਿਜ਼ ਇਕ ਰਾਜਕੁਮਾਰ ਜਾਂ ਖਿਡਾਰੀ ਨਹੀਂ, ਬਲਕਿ ਖੇਡ ਪ੍ਰਸ਼ਾਸਨ ਦਾ ਅਜਿਹਾ ਸਕੂਲ ਸੀ, ਜਿਸ ਨੇ ਭਾਰਤੀ ਖੇਡਾਂ ਨੂੰ ਨਵੀਂ ਪਰਵਾਜ਼ ਦਿੱਤੀ। ਪਟਿਆਲਾ ਦੇ ਮੋਤੀ ਬਾਗ਼ ਮਹਿਲ ਦੀ ਵਿਰਾਸਤ ਨੂੰ ਖੇਡ ਮੈਦਾਨਾਂ ਰਾਹੀਂ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਵਾਲਾ ਇਹ ਸੂਰਮਾ, ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗਾ। ਭਾਰਤੀ ਖੇਡਾਂ ਦੇ ਵਿਕਾਸ ’ਚ ਉਨ੍ਹਾਂ ਦੇ ਯੋਗਦਾਨ ਨੂੰ ਸੁਨਹਿਰੀ ਅੱਖਰਾਂ ’ਚ ਯਾਦ ਰੱਖਿਆ ਜਾਵੇਗਾ।
ਪਟਿਆਲਾ ਸ਼ਾਹੀ ਪਰਿਵਾਰ ਨਾਲ ਸਬੰਧ ਤੇ ਵਿਰਾਸਤ
ਰਾਜਾ ਰਣਧੀਰ ਸਿੰਘ ਦਾ ਜਨਮ 18 ਅਕਤੂਬਰ 1946 ਨੂੰ ਪਟਿਆਲਾ ਦੇ ਸ਼ਾਹੀ ਪਰਿਵਾਰ ’ਚ ਹੋਇਆ। ਉਹ ਪਟਿਆਲਾ ਦੇ ਮਹਾਰਾਜਾ ਭੂਪਿੰਦਰ ਸਿੰਘ ਦੇ ਪੋਤਰੇ ਅਤੇ ਰਾਜਾ ਭਾਲਿੰਦਰ ਸਿੰਘ ਦੇ ਸਪੁੱਤਰ ਹਨ। ਪਟਿਆਲਾ ਰਿਆਸਤ ਦਾ ਖੇਡਾਂ ਨਾਲ ਰਿਸ਼ਤਾ ਸਦੀਆਂ ਪੁਰਾਣਾ ਹੈ। ਇਹ ਉਹ ਪਰਿਵਾਰ ਹੈ, ਜਿਸ ਨੇ ਭਾਰਤੀ ਕ੍ਰਿਕਟ, ਹਾਕੀ ਤੇ ਅਥਲੈਟਿਕਸ ਨੂੰ ਪੈਰਾਂ ਸਿਰ ਖੜ੍ਹਾ ਕਰਨ ’ਚ ਮੁੱਖ ਭੂਮਿਕਾ ਨਿਭਾਈ। ਆਪਣੇ ਪਿਤਾ ਰਾਜਾ ਭਾਲਿੰਦਰ ਸਿੰਘ (ਜੋ ਖੁਦ ਇਕ ਲੰਮਾ ਸਮਾਂ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਰਹੇ) ਦੇ ਨਕਸ਼ੇ-ਕਦਮਾਂ ’ਤੇ ਚੱਲਦਿਆਂ ਰਣਧੀਰ ਸਿੰਘ ਨੇ ਸ਼ਾਹੀ ਠਾਠ-ਬਾਠ ਦੀ ਬਜਾਏ ਖੇਡ ਮੈਦਾਨਾਂ ਦੀ ਮਿੱਟੀ ਅਤੇ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨੂੰ ਆਪਣੀ ਕਰਮਭੂਮੀ ਚੁਣਿਆ।
ਸੈਂਟ ਸਟੀਫਨਜ਼ ਕਾਲਜ ਤੋਂ ਇਤਿਹਾਸ ਦੀ ਕੀਤੀ ਪੜ੍ਹਾਈ
ਰਾਜਾ ਰਣਧੀਰ ਸਿੰਘ ਨੇ ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਉੱਚ ਸਿੱਖਿਆ ਲਈ ਦਿੱਲੀ ਚਲੇ ਗਏ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਵੱਕਾਰੀ ਸੈਂਟ ਸਟੀਫਨਜ਼ ਕਾਲਜ ਤੋਂ ਇਤਿਹਾਸ ਦੀ ਪੜ੍ਹਾਈ ਕੀਤੀ। ਪਟਿਆਲਾ ਤੋਂ ਦਿੱਲੀ ਮੁੱਖ ਤੌਰ ’ਤੇ ਆਪਣੀ ਉੱਚ ਸਿੱਖਿਆ, ਖੇਡ ਕਰੀਅਰ ਅਤੇ ਕੌਮਾਂਤਰੀ ਖੇਡ ਪ੍ਰਸ਼ਾਸਨ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਕਾਰਨ ਗਏ ਅਤੇ ਉੱਥੇ ਹੀ ਪੱਕੇ ਤੌਰ ’ਤੇ ਰਹਿਣ ਲੱਗੇ। ਉਮਰ ਦੇ ਆਖਰੀ ਪੜਾਅ ’ਚ ਉਹ ਦਿੱਲੀ ਸਥਿਤ ਆਪਣੀ ਰਿਹਾਇਸ਼ ’ਤੇ ਹੀ ਰਹਿ ਰਹੇ ਸਨ, ਜਿੱਥੇ ਲੰਬੀ ਬਿਮਾਰੀ ਅਤੇ ਸਿਹਤ ਨਾਸਾਜ਼ ਹੋਣ ਕਾਰਨ 27 ਮਈ 2026 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।
1968 ਮੈਕਸੀਕੋ ਓਲੰਪਿਕ ਖੇਡਾਂ ਵਿਚ ਭਾਗ ਲੈਣ ਮੌਕੇ ਰਾਜਾ ਰਣਧੀਰ ਸਿੰਘ
ਖੇਡ ਜਗਤ ਦੀਆਂ ਨਿੱਜੀ ਪ੍ਰਾਪਤੀਆਂ
ਬਹੁਤ ਘੱਟ ਲੋਕ ਜਾਣਦੇ ਹਨ ਕਿ ਰਾਜਾ ਰਣਧੀਰ ਸਿੰਘ ਸਿਰਫ਼ ਬੰਦ-ਕਮਰਾ ਸਿਆਸਤਦਾਨ ਨਹੀਂ, ਬਲਕਿ ਆਪਣੇ ਸਮੇਂ ਦੇ ਚੋਟੀ ਦੇ ਨਿਸ਼ਾਨੇਬਾਜ਼ ਰਹੇ ਹਨ। ਉਨ੍ਹਾਂ ਨੇ 1968 ਤੋਂ 1984 ਤੱਕ ਲਗਾਤਾਰ 5 ਓਲੰਪਿਕ ਖੇਡਾਂ ਮੈਕਸੀਕੋ, ਮਿਊਨਿਕ, ਮਾਂਟਰੀਅਲ, ਮਾਸਕੋ ਅਤੇ ਲਾਸ ਏਂਜਲਸ ’ਚ ਭਾਰਤ ਦੀ ਨੁਮਾਇੰਦਗੀ ਕੀਤੀ। ਇਹ ਆਪਣੇ ਆਪ ’ਚ ਇਕ ਮਿਸਾਲੀ ਰਿਕਾਰਡ ਹੈ। ਏਸ਼ੀਆਈ ਖੇਡਾਂ ’ਚ ਚਮਕ 1978 ਦੀਆਂ ਬੈਂਕਾਕ ਏਸ਼ੀਆਈ ਖੇਡਾਂ ’ਚ ਉਨ੍ਹਾਂ ਨੇ ‘ਟਰੈਪ ਸ਼ੂਟਿੰਗ’ ’ਚ ਸੋਨ ਤਗ਼ਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਇਲਾਵਾ 1982 ਦੀਆਂ ਨਵੀਂ ਦਿੱਲੀ ਏਸ਼ੀਆਈ ਖੇਡਾਂ ’ਚ ਉਨ੍ਹਾਂ ਨੇ ਟੀਮ ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਖੇਡਾਂ ’ਚ ਪਾਏ ਇਸ ਬੇਮਿਸਾਲ ਯੋਗਦਾਨ ਬਦਲੇ ਉਨ੍ਹਾਂ ਨੂੰ 1979 ਵਿੱਚ ਭਾਰਤ ਸਰਕਾਰ ਵੱਲੋਂ ‘ਅਰਜੁਨ ਪੁਰਸਕਾਰ’ ਨਾਲ ਨਿਵਾਜਿਆ ਗਿਆ।
ਖੇਡ ਪ੍ਰਸ਼ਾਸਨ ਅਤੇ ਆਲਮੀ ਮੰਚ ’ਤੇ ਦੇਣ
ਮੈਦਾਨ ਤੋਂ ਬਾਅਦ ਜਦੋਂ ਉਨ੍ਹਾਂ ਨੇ ਖੇਡ ਪ੍ਰਸ਼ਾਸਨ ’ਚ ਕਦਮ ਰੱਖਿਆ, ਤਾਂ ਉਨ੍ਹਾਂ ਦੀ ਅਸਲ ਲੀਡਰਸ਼ਿਪ ਸਾਹਮਣੇ ਆਈ। ਉਹ 1987 ਤੋਂ 2012 ਤੱਕ ਲਗਾਤਾਰ 25 ਸਾਲ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਹੇ। ਰਾਜਾ ਰਣਧੀਰ ਸਿੰਘ ਦੀ ਸਭ ਤੋਂ ਵੱਡੀ ਖੂਬੀ ਉਨ੍ਹਾਂ ਦੀ ਕੌਮਾਂਤਰੀ ਖੇਡ ਸਿਆਸਤ ’ਤੇ ਪਕੜ ਸੀ। ਉਹ 2001 ਤੋਂ 2014 ਤੱਕ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੈਂਬਰ ਰਹੇ ਅਤੇ ਮੌਜੂਦਾ ਸਮੇਂ ਉਹ ਇਸ ਦੇ ਆਨਰੇਰੀ ਮੈਂਬਰ ਹਨ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਾਜਾ ਰਣਧੀਰ ਸਿੰਘ ਦੀ ਪੁਰਾਣੀ ਤਸਵੀਰ।
ਏਸ਼ੀਆਈ ਓਲੰਪਿਕ ਕੌਂਸਲ ਦੇ ਪਹਿਲੇ ਪੰਜਾਬੀ ਬਣੇ
ਪੰਜਾਬੀ ਵਾਰਸ ਵਜੋਂ ਉਨ੍ਹਾਂ ਨੇ ਇਕ ਨਵਾਂ ਇਤਿਹਾਸ ਉਦੋਂ ਸਿਰਜਿਆ ਜਦੋਂ ਉਹ ਏਸ਼ੀਆਈ ਓਲੰਪਿਕ ਕੌਂਸਲ ਦੇ ਪ੍ਰਧਾਨ ਬਣੇ। ਇਸ ਸਰਵਉੱਚ ਅਹੁਦੇ ’ਤੇ ਪਹੁੰਚਣ ਵਾਲੇ ਉਹ ਪਹਿਲੇ ਭਾਰਤੀ ਹਨ। 2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ ਨੂੰ ਭਾਰਤ ਲਿਆਉਣ ਤੇ ਉਨ੍ਹਾਂ ਦੇ ਸਫ਼ਲ ਆਯੋਜਨ ਪਿੱਛੇ ਰਣਧੀਰ ਸਿੰਘ ਦੀ ਪ੍ਰਸ਼ਾਸਨਿਕ ਮਹਾਰਤ ਦੀ ਵੱਡੀ ਭੂਮਿਕਾ ਸੀ। ਰਾਜਾ ਰਣਧੀਰ ਸਿੰਘ ਦੀ ਸ਼ਖਸੀਅਤ ’ਚ ਪਟਿਆਲਵੀ ਰਵਾਇਤਾਂ ਵਾਲੀ ਨਿਮਰਤਾ, ਸਲੀਕਾ ਅਤੇ ਆਲਮੀ ਪੱਧਰ ਦੀ ਦੂਰਅੰਦੇਸ਼ੀ ਦਾ ਬਿਹਤਰੀਨ ਸੁਮੇਲ ਸੀ। ਵਿਵਾਦਾਂ ਅਤੇ ਖੇਡ ਸਿਆਸਤ ਦੇ ਤੂਫ਼ਾਨਾਂ ਦੇ ਬਾਵਜੂਦ, ਉਨ੍ਹਾਂ ਦਾ ਅਕਸ ਹਮੇਸ਼ਾ ‘ਸੰਕਟ ਮੋਚਕ’ ਵਾਲਾ ਰਿਹਾ ਹੈ। ਜਦੋਂ ਵੀ ਭਾਰਤੀ ਖੇਡ ਜਗਤ ਅੰਤਰਰਾਸ਼ਟਰੀ ਪੱਧਰ ’ਤੇ ਕਿਸੇ ਉਲਝਣ ’ਚ ਫਸਿਆ, ਰਾਜਾ ਰਣਧੀਰ ਸਿੰਘ ਨੇ ਆਪਣੇ ਨਿੱਜੀ ਪ੍ਰਭਾਵ ਦੀ ਵਰਤੋਂ ਕਰਕੇ ਦੇਸ਼ ਦਾ ਪੱਖ ਮਜ਼ਬੂਤ ਕੀਤਾ।