ਪੰਜਾਬੀ ਯੂਨੀਵਰਸਿਟੀ 'ਚ ਚੋਣਾਂ ਦਾ ਬਿਗਲ: 25 ਮਾਰਚ ਨੂੰ ਹੋਣਗੀਆਂ ਚੋਣਾਂ, ਜਾਣੋ ਨਾਮਜ਼ਦਗੀਆਂ ਤੋਂ ਵੋਟਿੰਗ ਤੱਕ ਦਾ ਪੂਰਾ ਸ਼ਡਿਊਲ
ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੈਂਬਰਸ਼ਿਪ ਦੀ ਆਖਰੀ ਤਰੀਕ ਦੋ ਮਾਰਚ ਸ਼ਾਮ 4:30 ਵਜੇ ਤੱਕ ਤੈਅ ਕੀਤੀ ਗਈ ਹੈ। ਪੰਜ ਮਾਰਚ 2026 ਤੱਕ ਸੂਚੀ ਜਾਰੀ ਹੋਵੇਗੀ ਤੇ ਛੇ ਮਾਰਚ ਤੱਕ ਇਤਰਾਜ਼ ਲਏ ਜਾਣਗੇ। 10 ਮਾਰਚ ਸ਼ਾਮ 4 ਵਜੇ ਅੰਤਿਮ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ
Publish Date: Fri, 27 Feb 2026 11:06 AM (IST)
Updated Date: Fri, 27 Feb 2026 11:10 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵੱਲੋਂ ਸਾਲ 2025-26 ਲਈ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਦੀਆਂ ਚੋਣਾਂ ਦਾ ਅਧਿਕਾਰਤ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਵਾਈਸ-ਚਾਂਸਲਰ ਦੀ ਪ੍ਰਵਾਨਗੀ ਤੋਂ ਬਾਅਦ ਰਜਿਸਟਰਾਰ ਕਮ ਰਿਟਰਨਿੰਗ ਅਫ਼ਸਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ, ਇਹ ਚੋਣਾਂ 25 ਮਾਰਚ ਨੂੰ ਯੂਨੀਵਰਸਿਟੀ ਦੇ ਆਰਟਸ ਆਡੀਟੋਰੀਅਮ ਵਿੱਚ ਹੋਣਗੀਆਂ। ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੈਂਬਰਸ਼ਿਪ ਦੀ ਆਖਰੀ ਤਰੀਕ ਦੋ ਮਾਰਚ ਸ਼ਾਮ 4:30 ਵਜੇ ਤੱਕ ਤੈਅ ਕੀਤੀ ਗਈ ਹੈ। ਪੰਜ ਮਾਰਚ 2026 ਤੱਕ ਸੂਚੀ ਜਾਰੀ ਹੋਵੇਗੀ ਤੇ ਛੇ ਮਾਰਚ ਤੱਕ ਇਤਰਾਜ਼ ਲਏ ਜਾਣਗੇ। 10 ਮਾਰਚ ਸ਼ਾਮ 4 ਵਜੇ ਅੰਤਿਮ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਨਾਮਜ਼ਦਗੀ ਪੱਤਰ ਦਾਖਲ ਕਰਨ ਲਈ 11 ਮਾਰਚ 2026 ਸਵੇਰੇ 11 ਤੋਂ ਦੁਪਹਿਰ ਤਿੰਨ ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਨਾਮਜ਼ਦਗੀਆਂ ਦੀ ਪੜਤਾਲ 13 ਮਾਰਚ ਤੇ ਨਾਮ ਵਾਪਸੀ 16 ਮਾਰਚ ਦੁਪਹਿਰ ਇਕ ਵਜੇ ਤੱਕ ਹੋਵੇਗੀ। ਉਮੀਦਵਾਰਾਂ ਦੀ ਅੰਤਿਮ ਸੂਚੀ 18 ਮਾਰਚ ਨੂੰ ਜਾਰੀ ਕਰਨ ਤੋਂ ਬਾਅਦ 25 ਮਾਰਚ ਨੂੰ ਸਵੇਰੇ 9 ਵਜੇ ਤੋਂ ਦੁਪਹਿਰ ਤਿੰਨ ਵਜੇ ਤੱਕ ਵੋਟਾਂ ਪੈਣੀਆਂ ਹਨ।
ਵੋਟਿੰਗ ਦੌਰਾਨ ਵਰਤੀ ਜਾਵੇਗੀ ਸਖਤੀ : ਰਿਟਰਨਿੰਗ ਅਫ਼ਸਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਇਸ ਵਾਰ ਵੋਟਿੰਗ ਪ੍ਰਕਿਰਿਆ ਵਿੱਚ ਸਖ਼ਤੀ ਵਰਤੀ ਜਾਵੇਗੀ। ਵੋਟਰਾਂ ਨੂੰ ਬੈਲਟ ਪੇਪਰ 'ਤੇ ਆਪਣੀ ਪਸੰਦ ਦਰਸਾਉਣ ਲਈ ਸਿਰਫ਼ 1, 2, 3 ਤੇ 4 ਆਦਿ ਦੀ ਵਰਤੋਂ ਕਰਨੀ ਪਵੇਗੀ। ਜੇਕਰ ਕੋਈ ਵੋਟਰ ਰੋਮਨ ਅੰਕਾਂ ਭਾਵ I, II, III ਜਾਂ ਸ਼ਬਦਾਂ ਭਾਵ ਵਨ ਜਾਂ ਟੂ ਆਦਿ ਵਿੱਚ ਲਿਖਦਾ ਹੈ, ਤਾਂ ਉਹ ਵੋਟ ਰੱਦ ਮੰਨੀ ਜਾਵੇਗੀ। ਵੋਟ ਪਾਉਣ ਲਈ ਸਿਰਫ਼ ਨੀਲੇ ਬਾਲ ਪੁਆਇੰਟ ਪੈੱਨ ਦੀ ਵਰਤੋਂ ਕਰਨੀ ਲਾਜ਼ਮੀ ਹੈ। ਇਨ੍ਹਾਂ ਚੋਣਾਂ ਵਿੱਚ ਯੂਨੀਵਰਸਿਟੀ ਕੈਂਪਸ, ਰੀਜਨਲ ਸੈਂਟਰਾਂ ਅਤੇ ਨੇਬਰਹੁੱਡ ਕੈਂਪਸਾਂ ਦੇ ਰੈਗੂਲਰ ਅਤੇ ਐਡਹਾਕ ਅਧਿਆਪਕ ਹਿੱਸਾ ਲੈ ਸਕਦੇ ਹਨ। ਮੈਂਬਰਸ਼ਿਪ ਲਈ 50 ਰੁਪਏ ਮੁੱਢਲੀ ਫੀਸ ਅਤੇ 20 ਰੁਪਏ ਸਾਲਾਨਾ ਫੀਸ ਰੱਖੀ ਗਈ ਹੈ। ਜਿਹੜੇ ਅਧਿਆਪਕ ਪਹਿਲਾਂ ਹੀ ਮੁੱਢਲੀ ਫੀਸ ਦੇ ਚੁੱਕੇ ਹਨ, ਉਨ੍ਹਾਂ ਨੂੰ ਸਿਰਫ਼ 20 ਰੁਪਏ ਸਾਲਾਨਾ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ।