ਡਾ. ਰਘੁਬੀਰ ਸੂਰੀ ਨੂੰ ਵੱਡੀ ਗਿਣਤੀ ਵਿੱਚ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆ ਭੇਂਟ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਪ੍ਰਸਿੱਧ ਆਯੁਰਵੈਦਿਕ ਮਾਹਰ, ਸਮਾਜ ਸੇਵੀ ਅਤੇ ਰਾਸ਼ਟਰੀ ਸਵੈਸੇਵਕ ਸੰਘ (ਆਰਐੱਸਐੱਸ) ਨਾਲ ਲੰਮੇ ਸਮੇਂ ਤੋਂ ਜੁੜੇ ਡਾ. ਰਘੁਬੀਰ ਸੂਰੀ ਦੇ ਭੋਗ ਦੀ ਰਸਮ ਸਰਹਿੰਦ ਵਿਖੇ ਸੰਪੰਨ ਹੋਈ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰ ਕੇ ਵਿੱਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਜੀਵਨ ਤੇ ਯੋਗਦਾਨ ਨੂੰ ਯਾਦ ਕੀਤਾ। ਭੋਗ ਰਸਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਸ਼ਰਧਾਂਜਲੀ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਨੇ ਕਿਹਾ ਕਿ ਡਾ. ਸੂਰੀ ਨੂੰ ਇੱਕ ਵਿਦਵਾਨ, ਸਮਾਜ ਸੁਧਾਰਕ, ਉਦਯੋਗਪਤੀ ਅਤੇ ਰਾਸ਼ਟਰਭਗਤ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ਸੇਵਾ, ਅਨੁਸ਼ਾਸਨ ਅਤੇ ਸਮਾਜਿਕ ਭਲਾਈ ਨੂੰ ਤਰਜੀਹ ਦਿੱਤੀ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਭਾਰਤੀ ਜਨਤਾ ਪਾਰਟੀ (ਭਾਜਪਾ), ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਦੇ ਨੁਮਾਇੰਦਿਆਂ ਨੇ ਵੀ ਭੋਗ ਰਸਮ ਵਿੱਚ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ। ਆਰਐੱਸਐੱਸ ਦੇ ਸੀਨੀਅਰ ਆਗੂਆਂ ਤੇ ਪ੍ਰਚਾਰਕਾਂ ਨੇ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਉਨ੍ਹਾਂ ਨੇ ਡਾ. ਸੂਰੀ ਨੂੰ ਸੰਘ ਦਾ ਸੰਸਥਾਪਕ ਪ੍ਰਚਾਰਕ ਵਜੋਂ ਯਾਦ ਕੀਤਾ ਅਤੇ ਸਰਹਿੰਦ ਵਿੱਚ ਸੰਘ ਸਰਗਰਮੀਆਂ ਦੀ ਸ਼ੁਰੂਆਤ ਉਨ੍ਹਾਂ ਵੱਲੋਂ ਕੀਤੇ ਜਾਣ ਦਾ ਜ਼ਿਕਰ ਕੀਤਾ। ਇਸ ਮੌਕੇ ਬੁਲਾਰਿਆਂ ਨੇ ਡਾ. ਸੂਰੀ ਨੂੰ ਆਧਿਆਤਮਿਕ ਅਤੇ ਸਮਾਜਿਕ ਸੇਵਾ ਨੂੰ ਜੋੜਨ ਵਾਲੀ ਵਿਲੱਖਣ ਸ਼ਖ਼ਸੀਅਤ ਦੱਸਿਆ। ਡਾ. ਸੂਰੀ ਦੇ ਪੁੱਤਰ ਡਾ. ਹਿਤੇਂਦਰ ਸੂਰੀ ਨੇ ਵੀ ਪਿਤਾ ਦੀ ਵਿਰਾਸਤ ਨੂੰ ਜਾਰੀ ਰੱਖਣ ਦਾ ਵਾਅਦਾ ਕੀਤਾ। ਭਾਜਪਾ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ. ਸੂਰੀ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਸ ਮੌਕੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਵਿਦਿਆ ਭਾਰਤੀ ਅਤੇ ਕਈ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੱਲੋਂ ਸ਼ੋਕ ਸੰਦੇਸ਼ ਪ੍ਰਾਪਤ ਹੋਏ।