ਐੱਚਪੀਵੀ ਵੈਕਸੀਨ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਲਾਹੇਵੰਦ : ਡਾ. ਨਾਗਰਾ
ਐੱਚ.ਪੀ.ਵੀ. ਵੈਕਸੀਨ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਬਹੁਤ ਪ੍ਰਭਾਵਸ਼ਾਲੀ : ਡਾ. ਨਾਗਰਾ
Publish Date: Fri, 16 Jan 2026 04:54 PM (IST)
Updated Date: Fri, 16 Jan 2026 04:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ ਐੱਸਐੱਮਓ ਡਾ. ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਹਿਊਮਨ ਪੈਪੀਲੋਮਾ ਵਾਇਰਸ (ਐੱਚ.ਪੀ.ਵੀ.) ਵੈਕਸੀਨੇਸ਼ਨ ਸਬੰਧੀ ਐੱਲ.ਐੱਚ.ਵੀਜ਼ ਅਤੇ ਏ.ਐੱਨ.ਐੱਮਜ਼ ਲਈ ਬਲਾਕ ਪੱਧਰ ’ਤੇ ਇੱਕ ਦਿਨਾ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਡਾ. ਨਾਗਰਾ ਨੇ ਦੱਸਿਆ ਕਿ ਐੱਚ.ਪੀ.ਵੀ. ਵੈਕਸੀਨ ਸਰਵਾਈਕਲ ਕੈਂਸਰ ਤੋਂ ਬਚਾਅ ਦਾ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਹੈ। ਉਨ੍ਹਾਂ ਕਿਹਾ ਕਿ ਇਹ ਕੈਂਸਰ ਅਕਸਰ ਐੱਚ.ਪੀ.ਵੀ. ਵਾਇਰਸ ਕਾਰਨ ਹੁੰਦਾ ਹੈ ਤੇ ਸਮੇਂ ਸਿਰ ਵੈਕਸੀਨੇਸ਼ਨ ਕਰਵਾ ਕੇ ਇਸ ਤੋਂ ਕਾਫੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਟ੍ਰੇਨਿੰਗ ਦੌਰਾਨ ਵੈਕਸੀਨੇਸ਼ਨ ਦੀ ਉਮਰ-ਯੋਗਤਾ, ਖੁਰਾਕਾਂ, ਸਟੋਰੇਜ, ਕੋਲਡਚੇਨ ਅਤੇ ਰਿਪੋਰਟਿੰਗ ਪ੍ਰਣਾਲੀ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਰੀਨਾ ਨੇ ਭਾਗੀਦਾਰਾਂ ਨੂੰ ਐੱਚ.ਪੀ.ਵੀ. ਵੈਕਸੀਨੇਸ਼ਨ ਨਾਲ ਜੁੜੀਆਂ ਸ਼ੰਕਾਵਾਂ ਦੇ ਜਵਾਬ ਦਿੱਤੇ ਗਏ ਅਤੇ ਵਿਹਾਰਕ ਉਦਾਹਰਨਾਂ ਰਾਹੀਂ ਜ਼ਮੀਨੀ ਪੱਧਰ ਤੇ ਟੀਕਾਕਰਨ ਕਾਰਜਾਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਸੁਝਾਅ ਦਿੱਤੇ। ਉਨ੍ਹਾਂ ਦੱਸਿਆ ਕਿ ਔਰਤਾਂ ਵਿੱਚ ਹੋਣ ਵਾਲੇ ਜ਼ਿਆਦਾਤਰ ਚਾਰ ਤਰ੍ਹਾਂ ਦੇ ਕੈਂਸਰ ਵਿੱਚੋਂ ਸਰਵਾਈਕਲ ਕੈਂਸਰ ਨਾਲ ਭਾਰਤ ਵਿੱਚ ਇੱਕ ਲੱਖ ਪਿੱਛੇ 11 ਕੇਸ ਹੁੰਦੇ ਹਨ। ਇਸ ਲਈ ਇਹ ਵੈਕਸੀਨ ਲਗਵਾਉਣੀ ਬਹੁਤ ਜ਼ਰੂਰੀ ਹੈ। ਇਹ ਵੈਕਸੀਨ ਲਗਵਾਉਣ ਨਾਲ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਅੰਤ ਵਿਚ ਸੁਖਜੀਤ ਸਿੰਘ ਬਲਾਕ ਐਕਸਟੈਨਸ਼ਨ ਐਜੂਕੇਟਰ ਨੇ ਐੱਚ.ਪੀ.ਵੀ. ਵੈਕਸੀਨੇਸ਼ਨ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਮੂਹ ਸਿਹਤ ਕਰਮਚਾਰੀਆਂ ਨੂੰ ਪੂਰੀ ਨਿਸ਼ਠਾ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਕੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਕਿਹਾ।