ਮੀਟਿੰਗ ਦੌਰਾਨ ਨਗਰ ਨਿਗਮ ਦੀਆਂ 19 ਗੱਡੀਆਂ ਲਈ ਸਾਲ 2026-27 ਵਾਸਤੇ ਤੇਲ (ਡੀਜ਼ਲ ਅਤੇ ਪੈਟਰੋਲ) ਦੇ ਖਰਚੇ ਲਈ ਲਗਭਗ 61.67 ਲੱਖ ਰੁਪਏ ਦਾ ਅਨੁਮਾਨ ਪਾਸ ਕੀਤਾ ਗਿਆ। ਨਾਲ ਹੀ, 'ਅੰਮ੍ਰਿਤ ਮਿੱਤਰਾ' ਸਕੀਮ ਤਹਿਤ ਪਾਣੀ ਦੀ ਸ਼ੁੱਧਤਾ ਦੀ ਜਾਂਚ ਕਰਨ ਵਾਲੇ ਸੈਲਫ ਹੈਲਪ ਗਰੁੱਪਾਂ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਨਗਰ ਨਿਗਮ ਵੱਲੋਂ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਕਈ ਅਹਿਮ ਫੈਸਲੇ ਲਏ ਗਏ ਹਨ। ਸ਼ੁੱਕਰਵਾਰ ਐੱਫਐਂਡਸੀਸੀ ਦੀ ਮੀਟਿੰਗ ’ਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਸੜਕਾਂ, ਸਫਾਈ ਵਿਵਸਥਾ ਤੇ ਸਟ੍ਰੀਟ ਲਾਈਟਾਂ ਦੇ ਪ੍ਰੋਜੈਕਟਾਂ ਲਈ ਕਰੋੜਾਂ ਰੁਪਏ ਦੇ ਅਨੁਮਾਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਮੀਟਿੰਗ ਮੇਅਰ ਕੁੰਦਨ ਗੋਗੀਆ ਤੇ ਕਮਿਸ਼ਨਰ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਮੀਟਿੰਗ ’ਚ ਨਿਗਰਾਨ ਇੰਜੀਨੀਅਰ (ਸਿਵਲ) ਵੱਲੋਂ ਤਿਆਰ ਕੀਤੀ ਗਈ ਰਿਪੋਰਟ ਦੇ ਆਧਾਰ 'ਤੇ ਸ਼ਹਿਰ ਦੇ ਵਿਕਾਸ ਲਈ ਕਈ ਮਹੱਤਵਪੂਰਨ ਰਿਕਾਰਡ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਮੇਅਰ ਕਮਿਸ਼ਨਰ ਅਤੇ ਕਮੇਟੀ ਵੱਲੋਂ ਵਿਚਾਰਨ ਉਪਰੰਤ ਮਨਜ਼ੂਰੀ ਦਿੱਤੀ ਗਈ। ਇਹ ਸਾਰੇ ਕੰਮ ਨਿਗਮ ਫੰਡਾਂ, ਵਿੱਤ ਕਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਪ੍ਰਾਪਤ ਗ੍ਰਾਂਟਾਂ ਰਾਹੀਂ ਕਰਵਾਏ ਜਾਣਗੇ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਜੱਗਾ, ਜੋਆਇੰਟ ਕਮਿਸ਼ਨਰ ਰਵਦੀਪ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
-ਪ੍ਰਸ਼ਾਸਨਿਕ ਤੇ ਹੋਰ ਫੈਸਲੇ
ਮੀਟਿੰਗ ਦੌਰਾਨ ਨਗਰ ਨਿਗਮ ਦੀਆਂ 19 ਗੱਡੀਆਂ ਲਈ ਸਾਲ 2026-27 ਵਾਸਤੇ ਤੇਲ (ਡੀਜ਼ਲ ਅਤੇ ਪੈਟਰੋਲ) ਦੇ ਖਰਚੇ ਲਈ ਲਗਭਗ 61.67 ਲੱਖ ਰੁਪਏ ਦਾ ਅਨੁਮਾਨ ਪਾਸ ਕੀਤਾ ਗਿਆ। ਨਾਲ ਹੀ, 'ਅੰਮ੍ਰਿਤ ਮਿੱਤਰਾ' ਸਕੀਮ ਤਹਿਤ ਪਾਣੀ ਦੀ ਸ਼ੁੱਧਤਾ ਦੀ ਜਾਂਚ ਕਰਨ ਵਾਲੇ ਸੈਲਫ ਹੈਲਪ ਗਰੁੱਪਾਂ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਸ਼ਹਿਰ ਵਿਚ ਸੀਵਰੇਜ ਵਿਵਸਥਾ ਨੂੰ ਬਿਹਤਰ ਬਣਾਉਣ ਲਈ 'ਰਾਡਾਰ ਲੈਵਲ ਸੈਂਸਰ' ਅਤੇ ਕਲਾਉਡ ਆਧਾਰਿਤ ਸਾਫਟਵੇਅਰ ਲਗਾਉਣ ਦੀ ਯੋਜਨਾ 'ਤੇ ਵੀ ਚਰਚਾ ਕੀਤੀ ਗਈ ਤਾਂ ਜੋ ਐਸ.ਟੀ.ਪੀ ਪਲਾਂਟਾਂ ਦੀ ਨਿਗਰਾਨੀ ਡਿਜੀਟਲ ਤਰੀਕੇ ਨਾਲ ਕੀਤੀ ਜਾ ਸਕੇ।
-ਇਨ੍ਹਾਂ ਇਲਾਕਿਆਂ ’ਚ ਬਨਣਗੀਆਂ ਸੜਕਾਂ
ਸੜਕਾਂ ਦੇ ਨਿਰਮਾਣ ਤਹਿਤ ਤੋਪਖ਼ਾਨਾ ਗੇਟ, ਬਾਬਾ ਧਿਆਨਾ ਟੋਬਾ ਪਾਰਕ, ਫੀਲਖਾਨਾ ਸਕੂਲ, ਚੱਲ ਸਟ੍ਰੀਟ ਅਤੇ ਅਰਜੁਨ ਨਗਰ ਦੀਆਂ ਸੜਕਾਂ ਲਈ 48.50 ਲੱਖ ਰਾਖਵੇਂ ਕੀਤੇ ਗਏ ਹਨ। ਇਸੇ ਤਰ੍ਹਾਂ ਵਾਰਡ ਨੰਬਰ 50 (ਡਿਲਾਇਟ ਕਾਲੋਨੀ) ਵਿੱਚ ਸੜਕਾਂ ਲਈ 35 ਲੱਖ ਅਤੇ ਵਾਰਡ ਨੰਬਰ 42 (ਜੰਡ ਗਲੀ) ਲਈ 4 ਲੱਖ ਦੀ ਮਨਜ਼ੂਰੀ ਦਿੱਤੀ ਗਈ ਹੈ। ਸ਼ਹਿਰ ਵਿਚ ਨਵੇਂ ਸਾਈਨ ਬੋਰਡ ਲਗਾਉਣ 'ਤੇ 25 ਲੱਖ ਅਤੇ ਮਾਡਲ ਟਾਊਨ ਸਥਿਤ ਨਗਰ ਨਿਗਮ ਹਾਊਸ ਦੀ ਰੇਨੋਵੇਸ਼ਨ 'ਤੇ 9.50 ਲੱਖ ਖਰਚ ਕੀਤੇ ਜਾਣਗੇ। ਸੀਵਰੇਜ ਸਿਸਟਮ ਤਹਿਤ ਸ਼੍ਰੀ ਕਾਲੀ ਦੇਵੀ ਮੰਦਰ ਦੇ ਸਾਹਮਣੇ ਕਲੱਬ ਦੇ ਕੋਲ ਸੀਵਰ ਲਾਈਨ ਨੂੰ ਦਰੁਸਤ ਕਰਨ ਲਈ ਸਵਾ ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ।
-ਵੱਖ-ਵੱਖ ਵਾਰਡਾਂ ਲਈ ਮਨਜ਼ੂਰ ਹੋਏ ਪ੍ਰੋਜੈਕਟ
ਵਾਰਡ ਨੰਬਰ 20 ’ਚ ਹੀਰਾ ਆਟੋ ਰੋਡ (ਫੈਕਟਰੀ ਏਰੀਆ) ਦੇ ਨੇੜੇ ਗਲੀਆਂ ਵਿਚ ਸੀਸੀ ਫਲੋਰਿੰਗ ਲਈ 21.34 ਲੱਖ ਰੁਪਏ ਅਤੇ ਸੁਰਿੰਦਰ ਸਾਈਕਲ ਵਰਕਸ ਤੋਂ ਬੁੱਕ ਮਾਰਕੀਟ ਰੋਡ ਤੱਕ ਸੀ.ਸੀ. ਰੋਡ ਦੇ ਨਿਰਮਾਣ ਲਈ 1.83 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ. ਕਲੱਸਟਰ-2 ਵਿਚ ਵੱਖ-ਵੱਖ ਸੀਵਰ ਲਾਈਨਾਂ ਦੀ ਸਫ਼ਾਈ ਲਈ ਸਭ ਤੋਂ ਵੱਡਾ ਬਜਟ 78.83 ਲੱਖ ਰੁਪਏ ਰੱਖਿਆ ਗਿਆ ਹੈ। ਇਸ ਤੋਂ ਇਲਾਵਾ, ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਨਵੇਂ ਮੈਨਹੋਲ ਬਣਾਉਣ ਲਈ 37.19 ਲੱਖ ਰੁਪਏ ਖਰਚੇ ਜਾਣਗੇ। ਵਾਰਡ ਨੰਬਰ 18 ਵਿੱਚ ਰੋਡ ਗਲੀ ਬਣਾਉਣ ਲਈ 12.49 ਲੱਖ ਰੁਪਏ ਅਤੇ ਵਾਰਡ ਨੰਬਰ 48 ਦੀਆਂ ਗਲੀਆਂ ਦੀ ਮੁਰੰਮਤ ਤੇ ਡਰੇਨਾਂ ਦੇ ਸੁਧਾਰ ਲਈ 5.60 ਲੱਖ ਰੁਪਏ ਦੀ ਰਾਸ਼ੀ ਤੈਅ ਕੀਤੀ ਗਈ ਹੈ। ਰਸੂਲਪੁਰ ਸੈਦਾਂ ਦੇ ਸ਼ਮਸ਼ਾਨਘਾਟ ਦੀ ਰੇਨੋਵੇਸ਼ਨ ਲਈ 10.33 ਲੱਖ ਰੁਪਏ ਦੇ ਬਜਟ ਨੂੰ ਹਰੀ ਝੰਡੀ ਮਿਲੀ ਹੈ। ਅਬਲੋਵਾਲ ਡੇਅਰੀ ਪ੍ਰੋਜੈਕਟ ਵਿਖੇ ਸਟਰੀਟ ਲਾਈਟਾਂ ਦੇ ਰੱਖ-ਰਖਾਅ ਲਈ 7.22 ਲੱਖ ਰੁਪਏ ਅਤੇ ਓ.ਐਂਡ.ਐਮ. ਸੈੱਲ ਲਈ ਆਊਟਸੋਰਸ ਆਧਾਰ 'ਤੇ 6 ਡਰਾਈਵਰਾਂ ਦੀਆਂ ਸੇਵਾਵਾਂ ਲਈ 12.80 ਲੱਖ ਰੁਪਏ ਸਾਲਾਨਾ ਦਾ ਪ੍ਰਬੰਧ ਕੀਤਾ ਗਿਆ ਹੈ।
-ਗ਼ੈਰ-ਜ਼ਰੂਰੀ ਖਰਚਿਆਂ 'ਤੇ ਰੋਕ ਤੇ ਸਖ਼ਤ ਕਾਰਵਾਈ
ਨਿਗਮ ਨੇ ਪਟਿਆਲਾ ਦੇਹਾਤੀ ਦੇ ਵਾਰਡਾਂ ਵਿਚ 20 ਨਵੀਆਂ ਸੈਮੀ-ਹਾਈਮਾਸਟ ਲਾਈਟਾਂ ਲਗਾਉਣ ਦਾ ਪ੍ਰਸਤਾਵ ਰੱਦ ਕਰ ਦਿੱਤਾ ਹੈ। ਨਿਗਰਾਨ ਇੰਜੀਨੀਅਰ ਦੀ ਰਿਪੋਰਟ ਅਨੁਸਾਰ, ਇਨ੍ਹਾਂ ਲਾਈਟਾਂ ਦੀ ਨਾ ਤਾਂ ਕੋਈ ਮੰਗ ਸੀ ਅਤੇ ਨਾ ਹੀ ਜ਼ਰੂਰਤ, ਜਿਸ ਕਾਰਨ ਐੱਫਐਂਡਸੀਸੀ ਨੇ ਇਹ ਪ੍ਰਸਤਾਵ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਦੇ ਨਾਲ ਹੀ, ਟੈਂਡਰ ਲੈ ਕੇ ਕੰਮ ਸ਼ੁਰੂ ਨਾ ਕਰਨ ਵਾਲੀ ਫਰਮ 'ਬੀ.ਐਸ. ਬਿਲਡਰਜ਼' ਨੂੰ ਬਲੈਕਲਿਸਟ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।
-ਸਫ਼ਾਈ ਮੁਹਿੰਮ ਲਈ 3.5 ਕਰੋੜ
ਸ਼ਹਿਰ ਨੂੰ ਕੂੜਾ ਮੁਕਤ ਬਣਾਉਣ ਲਈ ਮੇਅਰ ਕੁੰਦਨ ਗੋਗੀਆ ਨੇ ਕੂੜੇ ਦੇ ਡੰਪ ਸਾਫ਼ ਕਰਨ ਲਈ ਸਾਢੇ ਤਿੰਨ ਕਰੋੜ ਰੁਪਏ ਦੇ ਬਜਟ ਨੂੰ ਹਰੀ ਝੰਡੀ ਦਿੱਤੀ ਹੈ। ਮੇਅਰ ਅਨੁਸਾਰ, ਇਹ ਸਾਰੇ ਕਾਰਜ ਨਗਰ ਨਿਗਮ ਦੀ 'ਈ-ਨਿਗਮ ਐਪ' ਰਾਹੀਂ ਡਿਜੀਟਲ ਨਿਗਰਾਨੀ ਹੇਠ ਮੁਕੰਮਲ ਕੀਤੇ ਜਾਣਗੇ ਤਾਂ ਜੋ ਕੰਮ ਦੀ ਗੁਣਵੱਤਾ ਅਤੇ ਪਾਰਦਰਸ਼ਤਾ ਬਣੀ ਰਹੇ।
ਲਾਪਰਵਾਹੀ ਕਰਨ ਵਾਲੀਆਂ ਫਰਮਾਂ ਖਿਲਾਫ ਹੋਵੇਗੀ ਕਾਰਵਾਈ : ਮੇਅਰ
ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆ ਨੇ ਸਪੱਸ਼ਟ ਕੀਤਾ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਟੈਂਡਰ ਲੈ ਕੇ ਕੰਮ ਸ਼ੁਰੂ ਨਾ ਕਰਨ ਵਾਲੀਆਂ ਫਰਮਾਂ ਨੂੰ ਬਲੈਕਲਿਸਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰ ਪ੍ਰੋਜੈਕਟ ਦੀ ਨਿਗਰਾਨੀ 'ਈ-ਨਿਗਮ ਐਪ' ਰਾਹੀਂ ਡਿਜੀਟਲ ਤਰੀਕੇ ਨਾਲ ਕੀਤੀ ਜਾਵੇਗੀ ਤਾਂ ਜੋ ਪਟਿਆਲਾ ਵਾਸੀਆਂ ਦਾ ਪੈਸਾ ਸਹੀ ਥਾਂ 'ਤੇ ਵਰਤਿਆ ਜਾ ਸਕੇ। ਮੇਅਰ ਨੇ ਅਖੀਰ ਵਿੱਚ ਕਿਹਾ ਕਿ ਪਟਿਆਲਾ ਦੇ ਹਰ ਵਾਰਡ ਦਾ ਸਰਵਪੱਖੀ ਵਿਕਾਸ ਸਾਡੀ ਪਹਿਲ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਸਾਰੇ ਪ੍ਰੋਜੈਕਟਾਂ ਦਾ ਕੰਮ ਜ਼ਮੀਨੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਜਾਵੇਗਾ।
-ਸੋਲਰ ਊਰਜਾ 'ਤੇ ਜ਼ੋਰ :ਸ਼ਹਿਰ ਦੇ ਸ਼ਮਸ਼ਾਨਘਾਟ ਵਿਖੇ ਊਰਜਾ ਦੀ ਬਚਤ ਲਈ 50 ਕਿਲੋਵਾਟ ਦਾ ਸੋਲਰ ਸਿਸਟਮ ਲਗਾਇਆ ਜਾਵੇਗਾ। ਇਸ ਪ੍ਰੋਜੈਕਟ 'ਤੇ ਲਗਭਗ 16.18 ਲੱਖ ਰੁਪਏ ਖਰਚ ਕੀਤੇ ਜਾਣਗੇ, ਜਿਸ ਨਾਲ ਬਿਜਲੀ ਦੇ ਖਰਚੇ ਵਿੱਚ ਵੱਡੀ ਕਟੌਤੀ ਹੋਵੇਗੀ।
-ਸੜਕਾਂ ਦਾ ਨਵੀਨੀਕਰਨ : ਪਟਿਆਲਾ ਸ਼ਹਿਰ (ਜ਼ੋਨ-ਏ) ਦੀਆਂ ਅੰਦਰੂਨੀ ਸੜਕਾਂ ਦੇ ਅਪਗ੍ਰੇਡੇਸ਼ਨ ਲਈ ਲਗਭਗ 39.90 ਲੱਖ ਰੁਪਏ ਦੀ ਰਾਸ਼ੀ ਖਰਚੀ ਜਾਵੇਗੀ। ਇਸ ਵਿੱਚ ਅਮਰ ਆਸ਼ਰਮ ਅਤੇ ਸਾਈਂ ਮਾਰਕੀਟ ਦੀਆਂ ਖਸਤਾ ਹਾਲ ਸੜਕਾਂ ਦੀ ਮੁਰੰਮਤ ਅਤੇ ਟਾਇਲਾਂ ਲਗਾਉਣ ਦਾ ਕੰਮ ਸ਼ਾਮਲ ਹੈ।
-ਸਫਾਈ ਅਤੇ ਰੱਖ-ਰਖਾਅ: ਸ਼ਹਿਰ ਦੇ 46 ਜਨਤਕ ਪਖਾਨਿਆਂ ਦੀ ਦੇਖਭਾਲ ਅਤੇ ਮੁਰੰਮਤ ਲਈ 1.78 ਕਰੋੜ ਰੁਪਏ ਦਾ ਵੱਡਾ ਬਜਟ ਰੱਖਿਆ ਗਿਆ ਹੈ। ਇਸ ਤੋਂ ਇਲਾਵਾ, ਮਾਡਲ ਟਾਊਨ ਅਤੇ ਜੈਕਬ ਡਰੇਨ ਦੀ ਸਫਾਈ ਲਈ ਵੀ ਲੱਖਾਂ ਰੁਪਏ ਖਰਚੇ ਜਾਣਗੇ।
-ਨਵੀਆਂ ਸਟ੍ਰੀਟ ਲਾਈਟਾਂ: ਵਾਰਡ ਨੰਬਰ 41 ਵਿੱਚ ਨਵੀਆਂ ਸਟ੍ਰੀਟ ਲਾਈਟਾਂ ਲਗਾਉਣ ਅਤੇ ਕੇਬਲ ਦੇ ਕੰਮ ਲਈ 3.92 ਲੱਖ ਰੁਪਏ ਦੇ ਟੈਂਡਰ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
-ਮਾਡਲ ਟਾਊਨ ਲਾਇਬ੍ਰੇਰੀ ਲਈ ਸਟਾਫ਼: ਸ਼ਹਿਰ ਦੀ ਮਾਡਲ ਟਾਊਨ ਲਾਇਬ੍ਰੇਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਊਟਸੋਰਸਿੰਗ ਰਾਹੀਂ ਸਟਾਫ਼ (ਲਾਇਬ੍ਰੇਰੀਅਨ ਅਤੇ ਹੈਲਪਰ) ਰੱਖਣ ਦੀ ਤਜਵੀਜ਼ ਤਿਆਰ ਕੀਤੀ ਗਈ ਹੈ।