ਫਤਹਿਗੜ੍ਹ ਸਾਹਿਬ ਤੋਂ 10 ਕਿਲੋਮੀਟਰ ਬੱਸੀ ਪਠਾਣਾ ਤੋਂ 5 ਕਿਲੋਮੀਟਰ ਦੂਰੀ ’ਤੇ ਡੇਰਾ ਬਾਬਾ ਪੁਸ਼ਪਾ ਨੰਦ ਮੁੱਲਾਂਪੁਰ ਸ੍ਰੀ ਪੰਚਾਇਤੀ ਉਦਾਸੀਨ ਅਖਾੜਾ ਨਿਆਂ ਸਾਂਝੀਵਾਲਤਾ ਦਾ ਪ੍ਰਤੀਕ ਹੈ। ਇਹ ਡੇਰਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਿਹਾ ਹੈ। ਡੇਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੈ ਜਿੱਥੇ ਰੋਜ਼ਾਨਾ ਨਿਤਨੇਮ ਦਾ ਪਾਠ ਤੇ ਕੀਰਤਨ ਕੀਤਾ ਜਾਂਦਾ ਹੈ।

ਭੁਪਿੰਦਰ ਸਿੰਘ ਮਾਨ, ਸਰਹਿੰਦ: ਫਤਹਿਗੜ੍ਹ ਸਾਹਿਬ ਤੋਂ 10 ਕਿਲੋਮੀਟਰ ਬੱਸੀ ਪਠਾਣਾ ਤੋਂ 5 ਕਿਲੋਮੀਟਰ ਦੂਰੀ ’ਤੇ ਡੇਰਾ ਬਾਬਾ ਪੁਸ਼ਪਾ ਨੰਦ ਮੁੱਲਾਂਪੁਰ ਸ੍ਰੀ ਪੰਚਾਇਤੀ ਉਦਾਸੀਨ ਅਖਾੜਾ ਨਿਆਂ ਸਾਂਝੀਵਾਲਤਾ ਦਾ ਪ੍ਰਤੀਕ ਹੈ। ਇਹ ਡੇਰਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਿਹਾ ਹੈ। ਡੇਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੈ ਜਿੱਥੇ ਰੋਜ਼ਾਨਾ ਨਿਤਨੇਮ ਦਾ ਪਾਠ ਤੇ ਕੀਰਤਨ ਕੀਤਾ ਜਾਂਦਾ ਹੈ।
ਡੇਰਾ ਬਾਬਾ ਪੁਸ਼ਪਾ ਨੰਦ ਮੁੱਲਾਂਪੁਰ ਵੱਲੋਂ ਕਿਸੇ ਕਿਸਮ ਦੀ ਕੋਈ ਵੀ ਉਗਰਾਹੀ ਨਹੀਂ ਕੀਤੀ ਜਾਂਦੀ ਜਦਕਿ ਲੰਗਰ ਹਰ ਵੇਲੇ ਚੱਲਦਾ ਰਹਿੰਦਾ ਹੈ। ਫਤਿਹਗੜ੍ਹ ਸਾਹਿਬ ਤਲਾਣੀਆਂ ਤੋਂ ਡੇਰਾ ਬਾਬਾ ਪੁਸ਼ਪਾ ਨੰਦ ਮੁੱਲਾਂਪੁਰ ਨੂੰ ਸਿੱਧੀ ਜਾਂਦੀ ਸੜਕ ਦਾ ਨਾਂ ਵੀ ਬਾਬਾ ਪੁਸ਼ਪਾ ਨੰਦ ਮਾਰਗ ਹੈ। ਗੱਦੀਨਸ਼ੀਨ ਬਾਬਾ ਬਲਵਿੰਦਰ ਦਾਸ ਜੀ ਨੇ ਦੱਸਿਆ ਬਾਬਾ ਪੁਸ਼ਪਾ ਨੰਦ ਜੀ ਦਾ ਜਨਮ ਪਾਕਿਸਤਾਨ ਵਿਚ ਹੋਇਆ ਸੀ । ਬਾਬਾ ਪੁਸ਼ਪਾ ਨੰਦ ਜੀ ਨੇੜਲੇ ਪਿੰਡ ਲੁਹਾਰ ਮਾਜਰਾ ਕਲਾਂ ਵਿਚ ਆ ਕੇ ਬੈਠੇ ਹੋਏ ਸਨ। ਪਿੰਡ ਮੁੱਲਾਂਪੁਰ ਦੀ ਸੰਗਤ ਨੇ ਬਾਬਾ ਪੁਸ਼ਪਾ ਨੰਦ ਜੀ ਕੋਲ ਜਾ ਕੇ ਬੇਨਤੀ ਕੀਤੀ ਕਿ ਤੁਸੀਂ ਸਾਡੇ ਪਿੰਡ ਮੁੱਲਾਂਪੁਰ ਚੱਲੋ ਕਿਉਂਕਿ ਸਾਡੇ ਪਿੰਡ ਵਿਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਫਿਰ ਬਾਬਾ ਪੁਸ਼ਪਾ ਨੰਦ ਜੀ ਪਿੰਡ ਮੁੱਲਾਂਪੁਰ ਆ ਕੇ ਇਕ ਕਮਰੇ ਵਿਚ ਰਹਿਣ ਲੱਗ ਪਏ।
ਇਹ ਡੇਰਾ ਸੰਨ 1925 ਨੂੰ ਹੋਂਦ ਵਿਚ ਆਇਆ। ਬਾਬਾ ਪੁਸ਼ਪਾਨੰਦ ਜੀ ਕਿਸੇ ਦੇ ਘਰ ਮੰਗਣ ਨਹੀਂ ਜਾਂਦੇ ਸਨ ਅਤੇ ਨਾ ਹੀ ਮਾਇਆ ਨੂੰ ਹੱਥ ਲਗਾਉਂਦੇ ਸੀ। ਜੇ ਕੋਈ ਉਨ੍ਹਾਂ ਨੂੰ ਮਾਇਆ ਭੇਟ ਕਰ ਜਾਂਦਾ ਤਾਂ ਉਹ ਮਾਇਆ ਨੂੰ ਬੱਚਿਆਂ ਵਿਚ ਸੁੱਟ ਦਿੰਦੇ ਸਨ ਜਿਸ ਨਾਲ ਤਕੜੇ ਬੱਚੇ ਪੈਸੇ ਚੁੱਕ ਲੈਂਦੇ ਤੇ ਮਾੜਿਆਂ ਨੂੰ ਪਿੱਛੇ ਧੱਕ ਦਿੱਤਾ ਜਾਂਦਾ ਸੀ ਜਿਸ ਨਾਲ ਬੱਚਿਆਂ ’ਚ ਲੜਾਈ ਹੋ ਜਾਂਦੀ ਸੀ। ਬਾਬਾ ਪੁਸ਼ਪਾ ਨੰਦ ਜੀ ਨੇ ਕਿਹਾ ਕਿ ਇਹ ਮਾਇਆ ਤਾਂ ਲੜਾਈ ਕਰਵਾਉਂਦੀ ਹੈ। ਫਿਰ ਬਾਬਾ ਜੀ ਨੇ ਮਾਇਆ ਨਾਲ ਲੋੜਵੰਦਾਂ ਨੂੰ ਰਾਸ਼ਨ, ਕੱਪੜੇ ਦੇਣੇ ਸ਼ੁਰੂ ਕਰ ਦਿੱਤੇ।
ਬਾਬਾ ਪੁਸ਼ਪਾ ਨੰਦ ਜੀ ਦੇ ਪਿੰਡ ਮੁੱਲਾਂਪੁਰ ਵਿਚ ਰਹਿਣ ਨਾਲ ਪਿੰਡ ਦੇ ਲੋਕ ਖ਼ੁਸ਼ਹਾਲ ਹੋ ਗਏ। ਇਸ ਡੇਰੇ ਦੇ ਪਹਿਲੇ ਗੱਦੀਨਸ਼ੀਨ ਸੰਤ ਸਾਧੂ ਰਾਮ ਜੀ ਹਨ, ਦੂਜੇ ਗੱਦੀਨਸ਼ੀਨ ਮਹੰਤ ਜੀਤ ਰਾਮ, ਤੀਜੇ ਗੱਦੀਨਸ਼ੀਨ ਬਾਬਾ ਬਲਵਿੰਦਰ ਦਾਸ ਜੀ ਹਨ। ਬਾਬਾ ਸਾਧੂ ਰਾਮ ਨੇ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੱਤੇ, ਧਰਮਸ਼ਾਲਾ, ਗੁਰਦੁਆਰੇ ਸਾਹਿਬਾਨਾਂ ਦੀਆਂ ਕਾਰ ਸੇਵਾਵਾਂ ਕੀਤੀਆਂ ਅਤੇ ਲੋਕਾਂ ਲਈ ਪਾਣੀ ਵਾਸਤੇ ਖੂਹ ਤੇ ਨਲਕੇ ਲਗਵਾਏ। ਮਹੰਤ ਜੀਤ ਰਾਮ ਜੀ ਨੇ ਡੇਰਾ ਬਾਬਾ ਪੁਸ਼ਪਾ ਨੰਦ ਮੁੱਲਾਂਪੁਰ ਨੂੰ ਜੋੜਨ ਵਾਲੀਆਂ ਸਾਰੀਆਂ ਹੀ ਸੰਪਰਕ ਸੜਕਾਂ ਬਣਵਾਈਆਂ ਅਤੇ ਅਨੇਕਾਂ ਸਮਾਜ ਭਲਾਈ ਦੇ ਕਾਰਜ ਕੀਤੇ ਗਏ। ਇਸ ਡੇਰੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਤੇ ਬਾਬਾ ਸ੍ਰੀ ਚੰਦ ਜੀ ਦਾ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਹਰ ਮਹੀਨੇ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਹੈ। ਹਰ ਸਾਲ 9 ਜੇਠ ਨੂੰ ਬਾਬਾ ਪੁਸ਼ਪਾ ਨੰਦ ਜੀ ਅਤੇ ਬਾਬਾ ਸਾਧੂ ਰਾਮ ਦੀ ਬਰਸੀ ਮਨਾਈ ਜਾਂਦੀ ਹੈ। ਇਸ ਮੌਕੇ ਦੇਸ਼-ਵਿਦੇਸ਼ ਅਤੇ ਇਲਾਕੇ ਦੀਆਂ ਸੰਗਤਾਂ ਨਤਮਸਤਕ ਹੁੰਦੀਆਂ ਹਨ। ਇਸ ਮੌਕੇ ਉੱਚਕੋਟੀ ਦੇ ਵਿਦਵਾਨ, ਕੀਰਤਨੀਏ, ਰਾਗੀ, ਢਾਡੀ ਕਵੀਸ਼ਰੀ ਜਥੇ ਸੰਗਤ ਨੂੰ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਨਾਲ ਨਿਹਾਲ ਕਰਦੇ ਹਨ। ਹਰ ਸਾਲ 1 ਫਰਵਰੀ ਤੋਂ ਲੈ ਕੇ 31 ਮਾਰਚ ਤੱਕ 2 ਮਹੀਨੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਚੱਲਦੀ ਰਹਿੰਦੀ ਹੈ।
ਬਾਬਾ ਬਲਵਿੰਦਰ ਦਾਸ ਜੀ ਨੇ ਦੱਸਿਆ ਹੈ ਕਿ ਇਸ ਡੇਰੇ ਤੋਂ ਕਈ ਨੌਜਵਾਨ ਪਾਠ ਕੀਰਤਨ ਅਤੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰ ਕੇ ਅੱਜ ਦੇਸ਼-ਵਿਦੇਸ਼ ਦੀ ਧਰਤੀ ’ਤੇ ਕੀਰਤਨ ਕਥਾ ਵਿਚਾਰਾਂ ਦੇ ਨਾਲ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਡੇਰਾ ਬਾਬਾ ਪੁਸ਼ਪਾ ਨੰਦ ਮੁੱਲਾਂਪੁਰ ਵੱਲੋਂ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਲੋੜਵੰਦਾਂ ਨੂੰ ਮਕਾਨ, ਗਰੀਬ ਲੜਕੀਆਂ ਦੇ ਵਿਆਹ ਅਤੇ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਵੀ ਕੀਤਾ ਜਾਂਦਾ ਹੈ। ਸਮੇਂ-ਸਮੇਂ ’ਤੇ ਮੁਫ਼ਤ ਮੈਡੀਕਲ ਦੇ ਕੈਂਪ ਵੀ ਲਗਾਏ ਜਾਂਦੇ ਹਨ। ਹਰ ਸਾਲ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਡੇਰਾ ਮੁੱਲਾਂਪੁਰ ਵੱਲੋਂ ਲੰਗਰ ਲਗਾਇਆ ਜਾਂਦਾ ਹੈ। ਇਸ ਡੇਰੇ ਦੀ ਬਹੁਤ ਮਹਾਨਤਾ ਹੈ, ਜੋ ਵੀ ਇਸ ਡੇਰੇ ਵਿਚ ਸ਼ਰਧਾ ਭਾਵਨਾ ਨਾਲ ਆਉਂਦਾ ਹੈ, ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਡੇਰੇ ਵਿਚ ਸਾਰੇ ਵਰਗਾਂ ਦੇ ਲੋਕਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ।