ਲੱਖਾਂ ਰੁਪਏ ਖਰਚ ਕੇ ਵੀ ਮਿਲੀ ਡਿਪੋਰਟੇਸ਼ਨ: ਪਟਿਆਲਾ ਪੁਲਿਸ ਲਾਈਨ ਲਿਆਂਦੇ ਗਏ ਆਸਟ੍ਰੇਲੀਆ ਤੋਂ ਆਏ 9 ਲੋਕ, ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਪਰਿਵਾਰਾਂ ਨੂੰ ਸੌਂਪੇ
ਇਨ੍ਹਾਂ ਨੌਂ ਲੋਕਾਂ ਵਿੱਚ ਇੱਕ ਔਰਤ ਵੀ ਸ਼ਾਮਲ ਸੀ, ਜੋ ਜਲੰਧਰ, ਹੁਸ਼ਿਆਰਪੁਰ, ਖੰਨਾ, ਮੋਗਾ, ਨਵਾਂਸ਼ਹਿਰ, ਗੜ੍ਹਸ਼ੰਕਰ, ਤਰਨਤਾਰਨ, ਫਿਰੋਜ਼ਪੁਰ ਅਤੇ ਰੂਪਨਗਰ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿੱਚੋਂ ਕੋਈ ਵੀ ਵਿਅਕਤੀ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਨਹੀਂ ਸੀ।
Publish Date: Fri, 01 May 2026 09:02 AM (IST)
Updated Date: Fri, 01 May 2026 09:06 AM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ: ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਗਏ 9 ਲੋਕਾਂ ਨੂੰ ਵੀਰਵਾਰ ਬਾਅਦ ਦੁਪਹਿਰ ਪਟਿਆਲਾ ਪੁਲਿਸ ਲਾਈਨ ਲਿਆਂਦਾ ਗਿਆ। ਦਿੱਲੀ ਏਅਰਪੋਰਟ ਤੋਂ ਪਟਿਆਲਾ ਪੁਲਿਸ ਲਾਈਨ ਲਿਆਂਦੇ ਗਏ ਇਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੇ ਜ਼ਿਲ੍ਹੇ ਦੀ ਪੁਲਿਸ ਅਤੇ ਪਰਿਵਾਰ ਦੀ ਮੌਜੂਦਗੀ ਵਿੱਚ ਸੌਂਪ ਦਿੱਤਾ ਗਿਆ। ਇਨ੍ਹਾਂ ਨੌਂ ਲੋਕਾਂ ਵਿੱਚ ਇੱਕ ਔਰਤ ਵੀ ਸ਼ਾਮਲ ਸੀ, ਜੋ ਜਲੰਧਰ, ਹੁਸ਼ਿਆਰਪੁਰ, ਖੰਨਾ, ਮੋਗਾ, ਨਵਾਂਸ਼ਹਿਰ, ਗੜ੍ਹਸ਼ੰਕਰ, ਤਰਨਤਾਰਨ, ਫਿਰੋਜ਼ਪੁਰ ਅਤੇ ਰੂਪਨਗਰ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿੱਚੋਂ ਕੋਈ ਵੀ ਵਿਅਕਤੀ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਨਹੀਂ ਸੀ। ਇਸ ਸਥਿਤੀ ਵਿੱਚ ਦਿੱਲੀ ਪੁਲਿਸ ਦੀ ਨਿਗਰਾਨੀ ਹੇਠ ਇਨ੍ਹਾਂ ਸਾਰਿਆਂ ਨੂੰ ਪਟਿਆਲਾ ਲਿਆਂਦਾ ਗਿਆ ਅਤੇ ਸ਼ਾਮ ਸਾਢੇ ਚਾਰ ਵਜੇ ਉਨ੍ਹਾਂ ਦੇ ਪਰਿਵਾਰਾਂ ਅਤੇ ਸਬੰਧਤ ਜ਼ਿਲ੍ਹੇ ਦੀ ਪੁਲਿਸ ਨੂੰ ਤਸਦੀਕ (ਵੈਰੀਫਿਕੇਸ਼ਨ) ਤੋਂ ਬਾਅਦ ਸੌਂਪਣਾ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਡਿਪੋਰਟ ਕੀਤੇ ਗਏ ਲੋਕਾਂ ਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ। ਇਸੇ ਦੌਰਾਨ ਪਿੰਡ ਦੋਧਰਾ ਦੇ ਵਸਨੀਕ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹਰਪ੍ਰੀਤ ਸਿੰਘ ਕਰੀਬ ਅੱਠ ਸਾਲ ਪਹਿਲਾਂ ਪੜ੍ਹਾਈ ਦੇ ਆਧਾਰ 'ਤੇ ਆਸਟ੍ਰੇਲੀਆ ਗਿਆ ਸੀ, ਜਿੱਥੇ ਉਸ ਦੀ ਪਤਨੀ ਵੀ ਰਹਿੰਦੀ ਸੀ। ਕਰੀਬ ਛੇ ਸਾਲ ਆਪਣੀ ਪਤਨੀ ਨਾਲ ਰਹਿਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਦੀ ਉਸ ਨਾਲ ਅਣਬਣ ਹੋ ਗਈ। ਇਸ ਤੋਂ ਬਾਅਦ ਪਤਨੀ ਨੇ ਆਪਣੇ ਕਾਗਜ਼ਾਤ (ਪੇਪਰ) ਤਾਂ ਤਿਆਰ ਕਰਵਾ ਲਏ ਪਰ ਪਤੀ ਦੇ ਨਹੀਂ ਕਰਵਾਏ। ਇਸ ਕਾਰਨ ਉਹ ਆਸਟ੍ਰੇਲੀਆ ’ਚ ਗੈਰ-ਕਾਨੂੰਨੀ ਢੰਗ ਨਾਲ ਰਹਿਣ ਦਾ ਦੋਸ਼ੀ ਬਣ ਗਿਆ। ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਆਸਟ੍ਰੇਲੀਆ ਭੇਜਣ ਲਈ ਕਰੀਬ 30 ਲੱਖ ਰੁਪਏ ਖਰਚ ਕੀਤੇ ਸਨ।