ਔਰਤਾਂ ਦੇ ਅਧਿਕਾਰਾਂ ਬਾਰੇ ਕਾਨੂੰਨੀ ਸਹਾਇਤਾ ਜਾਗਰੂਕਤਾ ਕੈਂਪ ਲਾਇਆ
ਡੀਬੀਯੂ ਸਕੂਲ ਆਫ਼ ਲਾਅ ਵੱਲੋਂ ਔਰਤਾਂ ਦੇ ਅਧਿਕਾਰਾਂ ਬਾਰੇ ਕਾਨੂੰਨੀ ਸਹਾਇਤਾ ਜਾਗਰੂਕਤਾ ਕੈਂਪ
Publish Date: Tue, 10 Feb 2026 05:54 PM (IST)
Updated Date: Tue, 10 Feb 2026 05:56 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਏਡੀਆਰ ਸੈਂਟਰ, ਪ੍ਰੋ. ਬੋਨੋ ਲੀਗਲ ਸਰਵਿਸ ਕਲੱਬ, ਲੀਗਲ ਏਡ ਸੈੱਲ, ਯੂਨੀਵਰਸਿਟੀ ਸਕੂਲ ਆਫ਼ ਲਾਅ, ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਮਹਿਲਾ ਸ਼ਿਕਾਇਤ ਨਿਵਾਰਣ ਸੈੱਲ, ਐੱਨਐੱਸਐੱਸ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਫਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ ਪਿੰਡ ਮੀਰਪੁਰ ਵਿਖੇ ਡਿਜੀਟਲ ਯੁੱਗ ਵਿਚ ਔਰਤਾਂ ਦੇ ਅਧਿਕਾਰਾਂ ਬਾਰੇ ਇਕ ਕਾਨੂੰਨੀ ਸਹਾਇਤਾ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਿਚ ਲਗਾਇਆ ਗਿਆ। ਸਰਪੰਚ ਹਰਜੋਤ ਕੌਰ ਨੇ ਪਤੀ ਰਣਜੋਧ ਸਿੰਘ ਦੇ ਨਾਲ ਮਿਲ ਕੇ ਪੂਰਾ ਸਮਰਥਨ ਦਿੱਤਾ ਤੇ ਭਾਈਚਾਰੇ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ, ਜਿਸ ਨੇ ਕੈਂਪ ਦੀ ਸਫਲਤਾ ’ਚ ਮਹੱਤਵਪੂਰਨ ਯੋਗਦਾਨ ਪਾਇਆ। ਇਹ ਕੈਂਪ ਔਰਤਾਂ ’ਚ ਸਾਈਬਰ ਸੁਰੱਖਿਆ, ਡਿਜੀਟਲ ਗੋਪਨੀਯਤਾ, ਔਨਲਾਈਨ ਪਰੇਸ਼ਾਨੀ, ਸਾਈਬਰ ਅਪਰਾਧ, ਸੋਸ਼ਲ ਮੀਡੀਆ ਦੀ ਦੁਰਵਰਤੋਂ, ਪਛਾਣ ਦੀ ਚੋਰੀ ਅਤੇ ਉਪਲੱਬਧ ਕਾਨੂੰਨੀ ਉਪਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ’ਤੇ ਕੇਂਦ੍ਰਿਤ ਸੀ। ਸਕੂਲ ਆਫ਼ ਲਾਅ ਦੇ ਵਿਦਿਆਰਥੀਆਂ ਨੇ ਸੂਚਨਾ ਤਕਨਾਲੋਜੀ ਐਕਟ, 2000 ਦੇ ਮੁੱਖ ਉਪਬੰਧਾਂ, ਅਪਰਾਧਿਕ ਕਾਨੂੰਨ ਦੇ ਸੰਬੰਧਿਤ ਭਾਗਾਂ ਤੇ ਸੰਵਿਧਾਨਕ ਸੁਰੱਖਿਆ ਉਪਾਵਾਂ ਬਾਰੇ ਦੱਸਿਆ, ਜਿਸ ਵਿਚ ਸਾਈਬਰ ਸਟਾਕਿੰਗ, ਔਨਲਾਈਨ ਧੋਖਾਧੜੀ, ਡਿਜੀਟਲ ਬਲੈਕਮੇਲ ਅਤੇ ਨਿੱਜੀ ਡੇਟਾ ਦੀ ਸੁਰੱਖਿਆ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਫੈਕਲਟੀ ਮੈਂਬਰਾਂ ਡਾ. ਪ੍ਰਭਜੋਤ ਕੌਰ ਘੁੰਮਣ, ਡਾ. ਆਰਤੀ, ਡਾ. ਮਨਪ੍ਰੀਤ ਕੌਰ, ਮਨਪ੍ਰੀਤ ਕੌਰ ਹੇਅਰ, ਸੁਸ਼ਾਨ ਬਾਲੀ ਤੇ ਅਰਸ਼ਦੀਪ ਸਿੰਘ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਪੇਂਡੂ ਖੇਤਰਾਂ ਵਿੱਚ ਔਰਤਾਂ ਨੂੰ ਸਸ਼ਕਤ ਬਣਾਉਣ ਵਿੱਚ ਸਿੱਖਿਆ ਦੀ ਭੂਮਿਕਾ ਨੂੰ ਉਜਾਗਰ ਕੀਤਾ। ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਜ਼ਮੀਨੀ ਪੱਧਰ ’ਤੇ ਸਮਾਜਿਕ ਨਿਆਂ ਅਤੇ ਡਿਜੀਟਲ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਵਿਚ ਵਿਦਿਅਕ ਸੰਸਥਾਵਾਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਕੈਂਪ ਦਾ ਸਮਾਪਨ ਪਿੰਡ ਪ੍ਰਸ਼ਾਸਨ, ਫੈਕਲਟੀ ਮੈਂਬਰਾਂ ਅਤੇ ਭਾਗੀਦਾਰਾਂ ਦੇ ਧੰਨਵਾਦ ਨਾਲ ਹੋਇਆ।