ਕਾਂਗਰਸ ਵੱਲੋਂ ਕਾਕਾ ਰਣਦੀਪ ਸਿੰਘ ਦੀ ਅਗਵਾਈ ਹੇਠ ਥਾਣੇ ਅੱਗੇ ਦਿੱਤਾ ਧਰਨਾ
ਕਾਂਗਰਸ ਵੱਲੋਂ ਕਾਕਾ ਰਣਦੀਪ ਸਿੰਘ ਦੀ ਅਗਵਾਈ ਹੇਠ ਥਾਣੇ ਅੱਗੇ ਧਰਨਾ ਤੇ ਰੋਸ਼ ਪ੍ਰਦਰਸ਼ਨ
Publish Date: Wed, 07 Jan 2026 07:21 PM (IST)
Updated Date: Wed, 07 Jan 2026 07:23 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਕਾਂਗਰਸ ਪਾਰਟੀ ਵੱਲੋਂ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਦੀ ਅਗਵਾਈ ਹੇਠ ਥਾਣਾ ਅਮਲੋਹ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਧਰਨਾ ਦਿੱਤਾ ਗਿਆ। ਇਸ ਮੌਕੇ ਡੀਐੱਸਪੀ ਅਮਲੋਹ ਗੁਰਦੀਪ ਸਿੰਘ ਨੂੰ ਡੀਆਈਜੀ ਪੰਜਾਬ ਦੇ ਨਾਮ ਇਕ ਮੰਗ ਪੱਤਰ ਵੀ ਦਿੱਤਾ ਗਿਆ। ਇਥੇ ਇਹ ਵੀ ਵਰਨਯੋਗ ਹੈ ਕਿ ਕਾਂਗਰਸ ਪਾਰਟੀ ਵੱਲੋਂ ਅੱਜ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਐੱਸਡੀਐੱਮ ਅਮਲੋਹ ਨੂੰ ਇੱਕ ਪੱਤਰ ਲਿਖਿਆ ਸੀ। ਧਰਨੇ ਨੂੰ ਦੇਖਦੇ ਹੋਏ ਬੇਸ਼ੱਕ ਥਾਣਾ ਅਮਲੋਹ ਦੇ ਮੁਖੀ ਬਲਜਿੰਦਰ ਸਿੰਘ ਤੇ ਬੁੱਗਾ ਚੌਕੀ ਇੰਚਾਰਜ ਦਾ ਤਬਾਦਲਾ ਬੀਤੀ ਰਾਤ ਕਰ ਦਿੱਤਾ ਗਿਆ ਸੀ। ਪ੍ਰੰਤੂ ਇਸ ਦੇ ਬਾਵਜੂਦ ਕਾਂਗਰਸ ਪਾਰਟੀ ਵੱਲੋਂ ਥਾਣੇ ਅੱਗੇ ਧਰਨਾ ਲਗਾਇਆ ਗਿਆ। ਅੱਜ ਧਰਨੇ ਮੌਕੇ ਕਾਕਾ ਰਣਦੀਪ ਸਿੰਘ ਨੇ ਦੋਸ਼ ਲਗਾਇਆ ਕਿ 14 ਦਸੰਬਰ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਵੋਟਾਂ ਦੀ ਪੋਲਿੰਗ ਸਮੇਂ ਪਿੰਡ ਦੀਵਾ ਗੰਡੂਆ ਵਿਚ ਪੋਲਿੰਗ ਬੂਥ ’ਤੇ ਬੈਠੇ ਕਾਂਗਰਸ ਪਾਰਟੀ ਦੇ ਪੋਲਿੰਗ ਏਜੰਟ ਮਨਵੀਰ ਸਿੰਘ ਦੀ ਪਿੰਡ ਦੇ ਸਰਪੰਚ ਜੋ ਕਿ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਵੱਲੋਂ ਪੋਲਿੰਗ ਬੂਥ ਤੇ ਜਾ ਕੇ ਕੁੱਟਮਾਰ ਕੀਤੀ ਗਈ ਸੀ। ਕਾਂਗਰਸੀ ਆਗੂ ਜਗਬੀਰ ਸਿੰਘ ਸਲਾਣਾ ਨੇ ਦੋਸ਼ ਲਗਾਇਆ ਕਿ ਅਮਲੋਹ ਪੁਲਿਸ ਵੱਲੋਂ ਹਲਕਾ ਵਿਧਾਇਕ ਅਤੇ ਉਸ ਦੇ ਭਰਾ ਦੇ ਦਬਾਬ ਥੱਲੇ ਆ ਕੇ ਪਿੰਡ ਦੀਵਾ ਦੇ ਸਾਬਕਾ ਸਰਪੰਚ ਅਤੇ ਕਾਂਗਰਸੀ ਵਰਕਰ ਬਿਕਰ ਸਿੰਘ ਸਮੇਤ ਅੱਧਾ ਦਰਜਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਸੀ। ਜਦੋਂ ਕਿ ਗੰਭੀਰ ਰੂਪ ਵਿੱਚ ਜਖਮੀ ਹੋਏ ਕਾਂਗਰਸੀ ਵਰਕਰਾਂ ਦੀ ਸ਼ਿਕਾਇਤ ਤੇ ਅਮਲੋਹ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ ਇਸ ਸਬੰਧੀ ਡੀਐੱਸਪੀ ਅਮਲੋਹ ਗੁਰਦੀਪ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਕਿਸੇ ਵੀ ਦਬਾਅ ਹੇਠ ਆ ਕੇ ਇਹ ਪਰਚੇ ਦਰਜ ਨਹੀਂ ਕੀਤੇ ਗਏ ਸਗੋਂ ਦੋਸ਼ੀਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਬਲਾਕ ਅਮਲੋਹ ਦੇ ਪ੍ਰਧਾਨ ਜਗਬੀਰ ਸਿੰਘ ਸਲਾਣਾ, ਬਲਾਕ ਮੰਡੀ ਦੇ ਪ੍ਰਧਾਨ ਸੰਜੀਵ ਦੱਤ,ਜੋਗਿੰਦਰ ਸਿੰਘ ਮੈਣੀ, ਕੌਂਸਲਰ ਕੁਲਵਿੰਦਰ ਸਿੰਘ, ਮਹਿਲਾ ਕਾਂਗਰਸ ਦੀ ਵਾਈਸ ਪ੍ਰਧਾਨ ਨੀਲਮ ਰਾਣੀ, ਬਲਜਿੰਦਰ ਸਿੰਘ ਭੱਟੋ ਐਡਵੋਕੇਟ, ਬਲਜਿੰਦਰ ਸਿੰਘ ਘੁਕਰੀ, ਰੂਪ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।