ਸਿਵਲ ਸਰਜਨ ਨੇ ਜ਼ਿਲ੍ਹਾ ਹਸਪਤਾਲ ਦਾ ਕੀਤਾ ਦੌਰਾ
ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਜਿਲਾ ਹਸਪਤਾਲ ਦਾ ਕੀਤਾ ਦੌਰਾ
Publish Date: Thu, 27 Nov 2025 04:56 PM (IST)
Updated Date: Thu, 27 Nov 2025 04:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਨੇ ਜ਼ਿਲ੍ਹਾ ਹਸਪਤਾਲ ਦਾ ਦੌਰਾ ਕਰਕੇ ਉਥੇ ਇਲਾਜ ਕਰਾਉਣ ਲਈ ਆਉਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਸੰਸਥਾ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਮੌਕੇ ’ਤੇ ਹਾਜ਼ਰ ਸੀਨੀਅਰ ਮੈਡੀਕਲ ਅਫਸਰ ਡਾ. ਜਸਪ੍ਰੀਤ ਸਿੰਘ ਬੇਦੀ ਨੂੰ ਕਿਹਾ ਕਿ ਉਹ ਹਸਪਤਾਲ ’ਚ ਇਲਾਜ ਕਰਾਉਣ ਲਈ ਆਉਣ ਵਾਲੇ ਮਰੀਜ਼ਾਂ, ਉਨ੍ਹਾਂ ਦੇ ਵਾਰਸਾਂ ਤੇ ਸਮੂਹ ਸਟਾਫ਼ ਦੇ ਵਾਹਨਾਂ ਦੀ ਪਾਰਕਿੰਗ ਦਾ ਉਚਿਤ ਪ੍ਰਬੰਧ ਕਰਨਾ ਯਕੀਨੀ ਬਣਾਉਣ। ਹਸਪਤਾਲ ਦੀ ਸਾਫ ਸਫਾਈ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ। ਉਨ੍ਹਾਂ ਐਮਰਜੈਂਸੀ ਵਾਰਡ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਹਸਪਤਾਲ ਦੇ ਸਾਰੇ ਉਪਕਰਨ ਚਾਲੂ ਹਾਲਤ ’ਚ ਰੱਖਣੇ ਯਕੀਨੀ ਬਣਾਏ ਜਾਣ ਅਤੇ 24 ਘੰਟੇ ਬਿਜਲੀ ਦੀ ਸਪਲਾਈ ਦਾ ਬੈਕਅਪ ਹੋਣਾ ਵੀ ਯਕੀਨੀ ਬਣਾਇਆ ਜਾਵੇ। ਡਾ. ਅਰਵਿੰਦ ਪਾਲ ਸਿੰਘ ਨੇ ਅੱਗੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਸਪਤਾਲਾਂ ’ਚ ਆਉਣ ਵਾਲੇ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਅਤੇ ਲੈਬਾਰਟਰੀ ਟੈਸਟ ਹਸਪਤਾਲ ’ਚੋਂ ਹੀ ਉਪਲੱਬਧ ਕਰਵਾਏ ਜਾਣ ਅਤੇ ਕੋਈ ਵੀ ਦਵਾਈ ਜਾਂ ਟੈਸਟ ਬਾਹਰੋਂ ਨਾ ਲਿਖਿਆ ਜਾਵੇ। ਉਨ੍ਹਾਂ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਕਰਾਉਣ ਲਈ ਦਾਖਲ ਹੋਏ ਮਾਨਸਿਕ ਰੋਗੀਆਂ ਦਾ ਹਾਲ ਚਾਲ ਪੁੱਛਿਆ ਅਤੇ ਉਨਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦਾ ਨਿਰੀਖਣ ਕੀਤਾ। ਇਸ ਮੌਕੇ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ ਸੰਪਨ ਅਤਰੀ, ਪੈਥਾਲੋਜਿਸਟ ਡਾ. ਸਚਿਨ ਨਰੂਲਾ, ਮਾਨਸਿਕ ਰੋਗਾਂ ਦੇ ਮਾਹਿਰ ਡਾ ਸਨਪ੍ਰੀਤ ਕੌਰ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਅਮਨਪ੍ਰੀਤ ਸਿੰਘ, ਸਟਾਫ ਨਰਸ ਜਸਪਾਲ ਕੌਰ, ਕੌਂਸਲਰ ਸਿਮਰਨਜੀਤ ਕੌਰ, ਬਿਕਰਮਜੀਤ ਸਿੰਘ, ਮਾਨਵ ਸ਼ਾਹ ਆਦਿ ਮੌਜੂਦ ਸਨ ।