ਡੀਸੀਪੀ ਮਯੰਕ ਮਿਸ਼ਰਾ ਨੇ ਦੱਸਿਆ ਕਿ ਗਿਰੋਹ ਪੰਜਾਬ ਦੇ ਫ਼ਰੀਦਕੋਟ ਤੋਂ ਨਵਜਾਤ ਨੂੰ ਲਗਪਗ ₹2.25 ਲੱਖ ਵਿਚ ਖ਼ਰੀਦ ਕੇ ਦਿੱਲੀ ਵਿਚ ₹9.25 ਲੱਖ ਵਿਚ ਵੇਚਣ ਜਾ ਰਿਹਾ ਸੀ। ਮੁੱਢਲੀ ਜਾਂਚ ਵਿਚ ਪੰਜ ਬੱਚਿਆਂ ਦੇ ਗ਼ੈਰ-ਕਾਨੂੰਨੀ ਸੌਦਿਆਂ ਦਾ ਖ਼ੁਲਾਸਾ ਹੋਇਆ ਹੈ।

ਜਾਗਰਣ ਸੰਵਾਦਦਾਤਾ, ਬਹਾਦਰਗੜ੍ਹ : ਨਵਜਾਤ ਬੱਚਿਆਂ ਦੀ ਖ਼ਰੀਦੋ-ਫਰੋਖਤ ਕਰਨ ਵਾਲੇ ਇਕ ਸੰਗਠਿਤ ਅੰਤਰਰਾਜੀ ਗਿਰੋਹ ਦਾ ਪੁਲਿਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਬਾਈਪਾਸ ’ਤੇ ਨਾਕਾਬੰਦੀ ਦੌਰਾਨ ਗਿਰੋਹ ਦੀ ਇਕ ਔਰਤ ਸਣੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਤਿੰਨ ਦਿਨਾਂ ਦਾ ਬੱਚਾ ਬਰਾਮਦ ਕੀਤਾ ਗਿਆ। ਗਿਰੋਹ ਦੇ ਸਰਗਨਾ ਸਣੇ ਦੋ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਡੀਸੀਪੀ ਮਯੰਕ ਮਿਸ਼ਰਾ ਨੇ ਦੱਸਿਆ ਕਿ ਗਿਰੋਹ ਪੰਜਾਬ ਦੇ ਫ਼ਰੀਦਕੋਟ ਤੋਂ ਨਵਜਾਤ ਨੂੰ ਲਗਪਗ ₹2.25 ਲੱਖ ਵਿਚ ਖ਼ਰੀਦ ਕੇ ਦਿੱਲੀ ਵਿਚ ₹9.25 ਲੱਖ ਵਿਚ ਵੇਚਣ ਜਾ ਰਿਹਾ ਸੀ। ਮੁੱਢਲੀ ਜਾਂਚ ਵਿਚ ਪੰਜ ਬੱਚਿਆਂ ਦੇ ਗ਼ੈਰ-ਕਾਨੂੰਨੀ ਸੌਦਿਆਂ ਦਾ ਖ਼ੁਲਾਸਾ ਹੋਇਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਗਾਜ਼ੀਅਬਾਦ ਦੇ ਸਲੀਮ ਤੇ ਆਕੀਲ ਅਤੇ ਪੰਜਾਬ ਦੇ ਮੁਕਤਸਰ ਦੀ ਬੇਅੰਤ ਕੌਰ ਸ਼ਾਮਲ ਹਨ। ਤਿੰਨਾਂ ਨੂੰ ਅਦਾਲਤ ਨੇ 10 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗਿਰੋਹ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਬੇਔਲਾਦ ਜੋੜਿਆਂ ਨੂੰ ਨਿਸ਼ਾਨਾ ਬਣਾਉਂਦਾ ਸੀ। ਸੰਤਾਨ ਸੁੱਖ ਤੋਂ ਵਾਂਝੇ ਲੋਕਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਬੱਚੇ ਦਿਵਾਉਣ ਦਾ ਲਾਲਚ ਦੇ ਕੇ ਵੱਡੀ ਰਕਮ ਵਸੂਲੀ ਜਾਂਦੀ ਸੀ। ਗਿਰੋਹ ਦਾ ਨੈੱਟਵਰਕ ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ ਫੈਲਿਆ ਹੋਇਆ ਹੈ ਅਤੇ ਇਹ ਪੂਰੀ ਤਰ੍ਹਾਂ ਸੰਗਠਿਤ ਤਰੀਕੇ ਨਾਲ ਕੰਮ ਕਰ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਇਸ ਗਿਰੋਹ ਦਾ ਸਰਗਨਾ ਪਰਗਟ ਸਿੰਘ ਹੈ, ਜਿਸ ਦੀ ਤਲਾਸ਼ ਜਾਰੀ ਹੈ। ਉਸ ਦੀ ਪਤਨੀ ਤੇ ਗ੍ਰਿਫ਼ਤਾਰ ਕੀਤੀ ਗਈ ਔਰਤ ਦੀ ਧੀ ਨਰਸ ਹੈ ਜਿਨ੍ਹਾਂ ਦੀ ਮਿਲੀਭੁਗਤ ਨਾਲ ਹਸਪਤਾਲਾਂ ਵਿਚ ਜਨਮ ਲੈਣ ਵਾਲੇ ਨਵਜਾਤਾਂ ਦੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਸੀ। ਬਰਾਮਦ ਕੀਤਾ ਗਿਆ ਬੱਚਾ ਵੀ ਪੰਜਾਬ ਦੇ ਇਕ ਸਰਕਾਰੀ ਹਸਪਤਾਲ ਵਿਚ ਜੰਮਿਆ ਸੀ।
ਏਸੀਪੀ ਪ੍ਰਦੀਪ ਖੱਤਰੀ ਦੀ ਨਿਗਰਾਨੀ ਵਿਚ ਬਣਾਈ ਗਈ ਵਿਸ਼ੇਸ਼ ਟੀਮ ਨੇ ਸੈਕਟਰ-9 ਮੋੜ ’ਤੇ ਘੇਰਾਬੰਦੀ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ ਦੋ ਗੱਡੀਆਂ ਤੇ ਕਈ ਮਹੱਤਵਪੂਰਨ ਦਸਤਾਵੇਜ਼ ਬਰਾਮਦ ਹੋਏ ਹਨ, ਜਿਨ੍ਹਾਂ ਦੇ ਆਧਾਰ ’ਤੇ ਗਿਰੋਹ ਦੇ ਹੋਰ ਮੈਂਬਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਰਾਮਦ ਕੀਤੇ ਗਏ ਬੱਚੇ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਪੂਰੀ ਤਰ੍ਹਾਂ ਸਿਹਤਮੰਦ ਦੱਸੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਗਿਰੋਹ ਦੇ ਫਰਾਰ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕਰ ਕੇ ਇਸ ਪੂਰੇ ਰੈਕਟ ਦਾ ਪਰਦਾਫਾਸ਼ ਕੀਤਾ ਜਾਵੇਗਾ।