ਪੰਜਾਬ 'ਚ ਸੰਘਣੀ ਧੁੰਦ ਦਾ ਕਹਿਰ : PRTC ਬੱਸ ਤੇ ਕਾਰ ਦੀ ਆਹਮੋ-ਸਾਹਮਣੇ ਟੱਕਰ 'ਚ ਚਾਲਕ ਦੀ ਮੌਤ
ਜਾਣਕਾਰੀ ਅਨੁਸਾਰ, ਪੀਆਰਟੀਸੀ ਬੱਸ ਆਪਣੇ ਪਹਿਲੇ ਟਾਈਮ 'ਤੇ ਸਮਾਣਾ ਤੋਂ ਪਟਿਆਲਾ ਵੱਲ ਜਾ ਰਹੀ ਸੀ, ਜਦੋਂ ਕਿ ਕਾਰ ਅੰਬਾਲਾ (ਹਰਿਆਣਾ) ਵਾਲੇ ਪਾਸੇ ਤੋਂ ਆ ਰਹੀ ਸੀ। ਤੜਕ ਸਵੇਰ ਧੁੰਦ ਛਾਈ ਹੋਈ ਸੀ, ਜਿਸ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਘੱਟ ਵਿਜ਼ੀਬਿਲਟੀ ਕਾਰਨ ਦੋਵੇਂ ਵਾਹਨ ਆਹਮੋ-ਸਾਹਮਣੇ ਟਕਰਾ ਗਏ।
Publish Date: Thu, 26 Feb 2026 12:35 PM (IST)
Updated Date: Thu, 26 Feb 2026 12:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਮਾਣਾ-ਪਟਿਆਲਾ ਰੋਡ 'ਤੇ ਬੁੱਧਵਾਰ ਤੜਕੇ ਸੰਘਣੀ ਧੁੰਦ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਪਿੰਡ ਫ਼ਤਿਹਪੁਰ ਤੋਂ ਪਹਿਲਾਂ ਪੀਆਰਟੀਸੀ ਦੀ ਇੱਕ ਬੱਸ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀ ਗਰਭਵਤੀ ਪਤਨੀ ਅਤੇ ਇੱਕ ਮਾਸੂਮ ਬੱਚਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਬੱਸ ਦਾ ਕੰਡਕਟਰ ਵੀ ਜ਼ਖ਼ਮੀ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ, ਪੀਆਰਟੀਸੀ ਬੱਸ ਆਪਣੇ ਪਹਿਲੇ ਟਾਈਮ 'ਤੇ ਸਮਾਣਾ ਤੋਂ ਪਟਿਆਲਾ ਵੱਲ ਜਾ ਰਹੀ ਸੀ, ਜਦੋਂ ਕਿ ਕਾਰ ਅੰਬਾਲਾ (ਹਰਿਆਣਾ) ਵਾਲੇ ਪਾਸੇ ਤੋਂ ਆ ਰਹੀ ਸੀ। ਤੜਕ ਸਵੇਰ ਧੁੰਦ ਛਾਈ ਹੋਈ ਸੀ, ਜਿਸ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਘੱਟ ਵਿਜ਼ੀਬਿਲਟੀ ਕਾਰਨ ਦੋਵੇਂ ਵਾਹਨ ਆਹਮੋ-ਸਾਹਮਣੇ ਟਕਰਾ ਗਏ।
ਜ਼ਖ਼ਮੀਆਂ ਨੂੰ ਤੁਰੰਤ ਸਮਾਣਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਪਟਿਆਲਾ ਰੈਫਰ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਸਿਟੀ ਸਮਾਣਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ, ਮ੍ਰਿਤਕ ਅਤੇ ਉਸ ਦਾ ਪਰਿਵਾਰ ਹਰਿਆਣਾ ਦੇ ਅੰਬਾਲਾ ਇਲਾਕੇ ਵਿੱਚ ਇੱਕ ਪ੍ਰੋਗਰਾਮ ਤੋਂ ਵਾਪਸ ਪਰਤ ਰਿਹਾ ਸੀ। ਮ੍ਰਿਤਕ ਸਮਾਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।