26ਵਾਂ ਮੁਫ਼ਤ ਅੱਖਾਂ ਦਾ ਅਪ੍ਰੇਸ਼ਨ ਕੈਂਪ 26 ਨੂੰ
26ਵਾਂ ਵਿਸ਼ਾਲ ਮੁਫ਼ਤ ਅੱਖਾਂ ਦਾ ਅਪ੍ਰੇਸ਼ਨ ਕੈਂਪ 26 ਜਨਵਰੀ ਨੂੰ
Publish Date: Sat, 17 Jan 2026 05:16 PM (IST)
Updated Date: Sat, 17 Jan 2026 05:18 PM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ ਦੇਵੀਗਡ਼੍ਹ : ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਲੋਕ ਸੇਵਾ ਮੰਚ ਦੇਵੀਗਡ਼੍ਹ ਵੱਲੋਂ ਇਲਾਕੇ ਦੇ ਲੋਡ਼ਵੰਦ ਮਰੀਜ਼ਾਂ ਦੀ ਸਹੂਲਤ ਲਈ 26ਵਾਂ ਸਾਲਾਨਾ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ 26 ਜਨਵਰੀ ਨੂੰ ਡੀਏਵੀ ਮਾਡਲ ਹਾਈ ਸਕੂਲ, ਦੇਵੀਗਡ਼੍ਹ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਸਬੰਧੀ ਤਿਆਰੀਆਂ ਨੂੰ ਲੈ ਕੇ ਮੰਚ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਕੈਂਪ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਕਰਮਜੀਤ ਸਿੰਘ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਵਿੱਚ ਸਿਹਤ ਸੇਵਾਵਾਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਕੈਂਪ ਵਿੱਚ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਪਹੁੰਚ ਰਹੀ ਹੈ। ਡਾਕਟਰਾਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜਿਨ੍ਹਾਂ ਮਰੀਜ਼ਾਂ ਨੂੰ ਆਪ੍ਰੇਸ਼ਨ ਦੀ ਲੋਡ਼ ਹੋਵੇਗੀ, ਉਨ੍ਹਾਂ ਦੇ ਮੁਫ਼ਤ ਆਪ੍ਰੇਸ਼ਨ ਕਰ ਕੇ ਲੈਂਜ਼ ਪਾਏ ਜਾਣਗੇ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਸ਼ਿਰਕਤ ਕਰਨਗੇ ਅਤੇ ਮਰੀਜ਼ਾਂ ਦੀ ਹੌਸਲਾ ਅਫ਼ਜ਼ਾਈ ਕਰਨਗੇ। ਕੈਂਪ ਦਾ ਰਸਮੀ ਉਦਘਾਟਨ ਜਗਤਾਰ ਸਿੰਘ ਨਾਇਬ ਤਹਿਸੀਲਦਾਰ ਦੁੱਧਨ ਸਾਧਾਂ ਵੱਲੋਂ ਕੀਤਾ ਜਾਵੇਗਾ। ਇਸ ਲੋਕ ਭਲਾਈ ਕਾਰਜ ਵਿੱਚ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਮੋਢੇ ਨਾਲ ਮੋਢਾ ਜੋਡ਼ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਪ੍ਰਬੰਧਕਾਂ ਅਨੁਸਾਰ ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਪ੍ਰਵਾਸੀ ਪੰਜਾਬੀਆਂ ਤੋਂ ਇਲਾਵਾ ਆਡ਼੍ਹਤੀ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ, ਮੈਡੀਕਲ ਐਸੋਸੀਏਸ਼ਨ ਅਤੇ ਸਮੂਹ ਇਲਾਕਾ ਵਾਸੀਆਂ ਦਾ ਵਿਸ਼ੇਸ਼ ਵਿੱਤੀ ਅਤੇ ਨੈਤਿਕ ਸਹਿਯੋਗ ਮਿਲ ਰਿਹਾ ਹੈ। ਮੰਚ ਦੇ ਮੈਂਬਰਾਂ ਨੇ ਅਪੀਲ ਕੀਤੀ ਕਿ ਇਲਾਕੇ ਦੇ ਵੱਧ ਤੋਂ ਵੱਧ ਲੋਡ਼ਵੰਦ ਮਰੀਜ਼ ਇਸ ਕੈਂਪ ਦਾ ਲਾਭ ਉਠਾਉਣ। ਇਸ ਮੌਕੇ ਹਰੀ ਚੰਦ ਭੋਲੀ, ਹਰਦੇਵ ਸਿੰਘ ਘਡ਼ਾਮ, ਹਰਵਿੰਦਰ ਸਿੰਘ ਬੱਬੂ, ਕਪਿਲ ਚੋਪਡ਼ਾ, ਗੁਰਮੀਤ ਸਿੰਘ ਕਾਹਲੋਂ, ਕੇਹਰ ਸਿੰਘ ਅਤੇ ਹਰਮੀਕ ਸਿੰਘ ਆਦਿ ਮੈਂਬਰ ਹਾਜ਼ਰ ਸਨ।