ਦੱਸਿਆ ਜਾ ਰਿਹਾ ਹੈ ਕਿ ਕੁੜੀ ਨੂੰ ਨਸ਼ਾ ਕਰਨ ਦੀ ਆਦਤ ਸੀ, ਜਿਸ ਕਾਰਨ ਉਹ ਘਰ ਨਹੀਂ ਰਹਿੰਦੀ ਸੀ ਅਤੇ ਪਰਿਵਾਰ ਨੇ ਵੀ ਉਸ ਦੇ ਗੁੰਮ ਹੋਣ ਬਾਰੇ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ। ਥਾਣਾ ਅਰਬਨ ਐਸਟੇਟ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਕੁੜੀ ਗ਼ਲਤ ਸੰਗਤ ’ਚ ਪੈ ਗਈ ਸੀ, ਜਿਸ ਕਾਰਨ ਉਹ ਘਰ ਨਹੀਂ ਜਾਂਦੀ ਸੀ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ: ਸਥਾਨਕ ਰੇਲਵੇ ਕਾਲੋਨੀ ਦੇ ਨੇੜੇ ਇਕ ਡਰੱਮ ’ਚੋਂ ਕੁੜੀ ਦੀ ਲਾਸ਼ ਮਿਲਣ ਦੇ ਮਾਮਲੇ ’ਚ ਮ੍ਰਿਤਕ ਕੁੜੀ ਦੀ ਪਛਾਣ ਨੇਹਾ ਨਿਵਾਸੀ ਗੋਪਾਲ ਕਾਲੋਨੀ, ਪਟਿਆਲਾ ਵਜੋਂ ਹੋਈ ਹੈ। ਪਰਿਵਾਰ ਬੁੱਧਵਾਰ ਦੁਪਹਿਰ ਤੋਂ ਬਾਅਦ ਥਾਣਾ ਅਰਬਨ ਐਸਟੇਟ ਦੀ ਪੁਲਿਸ ਕੋਲ਼ ਪਹੁੰਚਿਆ, ਜਿਨ੍ਹਾਂ ਨੇ ਕੁੜੀ ਦੀ ਲਾਸ਼ ਦੀ ਪਛਾਣ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਕੁੜੀ ਨੂੰ ਨਸ਼ਾ ਕਰਨ ਦੀ ਆਦਤ ਸੀ, ਜਿਸ ਕਾਰਨ ਉਹ ਘਰ ਨਹੀਂ ਰਹਿੰਦੀ ਸੀ ਅਤੇ ਪਰਿਵਾਰ ਨੇ ਵੀ ਉਸ ਦੇ ਗੁੰਮ ਹੋਣ ਬਾਰੇ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ। ਥਾਣਾ ਅਰਬਨ ਐਸਟੇਟ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਕੁੜੀ ਗ਼ਲਤ ਸੰਗਤ ’ਚ ਪੈ ਗਈ ਸੀ, ਜਿਸ ਕਾਰਨ ਉਹ ਘਰ ਨਹੀਂ ਜਾਂਦੀ ਸੀ। ਪਰਿਵਾਰ ਵੀ ਇਸੇ ਵਜ੍ਹਾ ਕਰਕੇ ਕੁੜੀ ਬਾਰੇ ਜ਼ਿਆਦਾ ਪੁੱਛਗਿੱਛ ਨਹੀਂ ਕਰਦਾ ਸੀ। ਕੁੜੀ ਦੇ ਪਰਿਵਾਰ ਨੂੰ ਵੀ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਈ ਫੋਟੋ ਦੇਖ ਕੇ ਉਸ ਬਾਰੇ ਪਤਾ ਲੱਗਿਆ। ਲੜਕੀ ਦੇ ਭਰਾ ਬਬਲੂ ਦੀ ਸ਼ਿਕਾਇਤ ’ਤੇ ਥਾਣਾ ਅਰਬਨ ਅਸਟੇਟ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
100 ਲੀਟਰ ਵਾਲੇ ਡਰੱਮ ’ਚੋਂ ਮਿਲੀ ਸੀ ਲਾਸ਼
ਡੀਐੱਮਡਬਲਯੂ ਰੇਲਵੇ ਕਾਲੋਨੀ ਦੇ ਨੇੜੇ ਇਕ ਨੀਲੇ ਰੰਗ ਦੇ ਡਰੱਮ ’ਚੋਂ ਮੰਗਲਵਾਰ ਨੂੰ ਕੁੜੀ ਦੀ ਲਾਸ਼ ਬਰਾਮਦ ਹੋਈ ਸੀ। ਕੁੜੀ ਦੇ ਇਕ ਹੱਥ ’ਤੇ ਨੇਹਾ ਨਾਂ ਲਿਖਿਆ ਹੋਇਆ ਹੈ, ਜਦਕਿ ਦੂਜੇ ਹੱਥ ’ਤੇ ਦਿਲ ਵਾਲਾ ਟੈਟੂ ਬਣਿਆ ਹੋਇਆ ਹੈ, ਜਿਸ ’ਚ ‘ਐੱਨ’ ਅਤੇ ‘ਏ’ ਲਿਖਿਆ ਹੈ। ਕੁੜੀ ਦੀ ਲਾਸ਼ ਨੂੰ ਡਰੱਮ ਅੰਦਰ ਰੱਖਣ ਤੋਂ ਬਾਅਦ ਇਸ ਉੱਪਰ ਲਾਲ ਰੰਗ ਦਾ ਕੱਪੜਾ/ਢੱਕਣ ਲਗਾਇਆ ਹੋਇਆ ਸੀ। ਲਾਸ਼ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਅਰਬਨ ਐਸਟੇਟ ਦੇ ਮੁਖੀ ਗੁਰਪ੍ਰੀਤ ਸਮਰਾਓ ਅਤੇ ਸੀਆਈਏ ਸਟਾਫ਼ ਦੀ ਟੀਮ ਮੌਕੇ ’ਤੇ ਪਹੁੰਚੀ, ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰਖਵਾ ਦਿੱਤਾ ਸੀ। ਮ੍ਰਿਤਕ ਕੁੜੀ ਦੇ ਚਿਹਰੇ ’ਤੇ ਹਲਕਾ ਜ਼ਖ਼ਮ ਸੀ। ਪੁਲਿਸ ਨੇ ਇਸ ਕੁੜੀ ਦੀਆਂ ਫੋਟੋਆਂ ਪੂਰੇ ਪੰਜਾਬ ਦੇ ਪੁਲਿਸ ਥਾਣਿਆਂ ’ਚ ਭੇਜ ਕੇ ਮੁਖ਼ਬਰਾਂ ਨੂੰ ਅਲਰਟ ਕਰ ਦਿੱਤਾ ਸੀ।
ਦੋ ਹੋਰ ਨੇਹਾ ਨਾਂ ਦੀਆਂ ਕੁੜੀਆਂ ਦੇ ਪਰਿਵਾਰਕ ਮੈਂਬਰ ਪਹੁੰਚੇ ਪੁਲਿਸ ਥਾਣੇ
ਗੋਪਾਲ ਕਾਲੋਨੀ ਦੀ ਰਹਿਣ ਵਾਲੀ ਨੇਹਾ ਦੀ ਲਾਸ਼ ਡਰੱਮ ’ਚੋਂ ਮਿਲਣ ਤੋਂ ਬਾਅਦ ਪੁਲਿਸ ਨੇ ਪਛਾਣ ਲਈ ਛਾਨਬੀਨ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੂੰ ਨੇਹਾ ਨਾਂ ਦੀ ਕੁੜੀ ਦੀ ਲਾਸ਼ ਮਿਲਣ ਬਾਰੇ ਪਤਾ ਲੱਗਦਿਆਂ ਹੀ ਸ਼ਹਿਰ ਤੋਂ ਦੋ ਪਰਿਵਾਰ ਪੁਲਿਸ ਥਾਣੇ ਪਹੁੰਚ ਗਏ। ਦੋਵਾਂ ਹੀ ਪਰਿਵਾਰਾਂ ਨੇ ਲਾਸ਼ ਦੇਖਣ ਤੋਂ ਬਾਅਦ ਦੱਸਿਆ ਕਿ ਇਹ ਉਨ੍ਹਾਂ ਦੀ ਧੀ ਨਹੀਂ ਹੈ। ਇਸ ਤੋਂ ਬਾਅਦ ਬੁੱਧਵਾਰ ਦੁਪਹਿਰ ਨੂੰ ਨੇਹਾ ਦੀ ਅਸਲ ਪਛਾਣ ਹੋ ਸਕੀ।
ਪੁਲਿਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ
ਨੇਹਾ ਦੇ ਨਾਲ ਅਕਸਰ ਘੁੰਮਣ-ਫਿਰਨ ਅਤੇ ਨਸ਼ਾ ਕਰਨ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ ਹੈ। ਇਨ੍ਹਾਂ ਦੋਵਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਹਾਲਾਂਕਿ ਕੁੜੀ ਦੀ ਲਾਸ਼ ਡਰੱਮ ’ਚੋਂ ਮਿਲਣ ਦੀ ਘਟਨਾ ਨਾਲ ਇਨ੍ਹਾਂ ਦਾ ਕੋਈ ਸਬੰਧ ਹੈ ਜਾਂ ਨਹੀਂ, ਪੁਲਿਸ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।