ਇੰਨਾ ਹੀ ਨਹੀਂ, ਆਸਟ੍ਰੇਲੀਆ ਵਿੱਚ ਪਹਿਲਾਂ ਤੋਂ ਵੀਜ਼ਾ ਹੋਣ ਕਾਰਨ ਉਨ੍ਹਾਂ ਨੂੰ ਉੱਥੇ ਛੇ ਮਹੀਨੇ ਰੁਕਣ ਦੀ ਇਜਾਜ਼ਤ ਮਿਲੀ ਸੀ। ਇਸ ਦੌਰਾਨ ਛੇ ਮਹੀਨੇ ਪੂਰੇ ਹੋਣ ਤੋਂ ਪਹਿਲਾਂ ਵਿਧਾਇਕ ਪਠਾਣਮਾਜਰਾ ਨੇ ਨਿਊਜ਼ੀਲੈਂਡ ਜਾਣ ਦੀ ਵੀ ਕੋਸ਼ਿਸ਼ ਕੀਤੀ, ਪਰ ਉੱਥੇ ਐਂਟਰੀ ਨਹੀਂ ਮਿਲੀ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਜਬਰ ਜਨਾਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਸਟ੍ਰੇਲੀਆ ਜਾਣ ਲਈ ਨੇਪਾਲ ਦਾ ਰਸਤਾ ਅਪਣਾਇਆ ਸੀ, ਪਰ ਵਾਪਸ ਆਉਣ ਲਈ ਭੂਟਾਨ ਦੇ ਰਸਤੇ ਦੀ ਵਰਤੋਂ ਕੀਤੀ। ਇੰਨਾ ਹੀ ਨਹੀਂ, ਆਸਟ੍ਰੇਲੀਆ ਵਿੱਚ ਪਹਿਲਾਂ ਤੋਂ ਵੀਜ਼ਾ ਹੋਣ ਕਾਰਨ ਉਨ੍ਹਾਂ ਨੂੰ ਉੱਥੇ ਛੇ ਮਹੀਨੇ ਰੁਕਣ ਦੀ ਇਜਾਜ਼ਤ ਮਿਲੀ ਸੀ। ਇਸ ਦੌਰਾਨ ਛੇ ਮਹੀਨੇ ਪੂਰੇ ਹੋਣ ਤੋਂ ਪਹਿਲਾਂ ਵਿਧਾਇਕ ਪਠਾਣਮਾਜਰਾ ਨੇ ਨਿਊਜ਼ੀਲੈਂਡ ਜਾਣ ਦੀ ਵੀ ਕੋਸ਼ਿਸ਼ ਕੀਤੀ, ਪਰ ਉੱਥੇ ਐਂਟਰੀ ਨਹੀਂ ਮਿਲੀ।
ਦੂਜੇ ਪਾਸੇ, ਭਗੌੜਾ ਕਰਾਰ ਦਿੱਤੇ ਜਾਣ ਦੇ ਨਿਰਦੇਸ਼ਾਂ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਉਨ੍ਹਾਂ ਕੋਲੋਂ ਆਸਟ੍ਰੇਲੀਆ ਜਾਣ ਦਾ ਰੂਟ ਅਤੇ ਹਲਫਨਾਮਾ ਮੰਗ ਲਿਆ ਸੀ, ਜਿਸ ਦੀ ਸੁਣਵਾਈ 3 ਅਪ੍ਰੈਲ ਨੂੰ ਹੋਣੀ ਸੀ। ਅਜਿਹੇ ਵਿੱਚ ਆਸਟ੍ਰੇਲੀਆ ਤੋਂ ਪਰਤਣ ਤੋਂ ਬਾਅਦ ਪਠਾਣਮਾਜਰਾ ਲਈ ਭਾਰਤ ਵਿੱਚ ਲੁਕ ਕੇ ਰਹਿਣ ਦੌਰਾਨ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨਾ ਜ਼ਰੂਰੀ ਸੀ। ਇਸੇ ਦੌਰਾਨ ਪੁਲਿਸ ਨੂੰ ਪਠਾਣਮਾਜਰਾ ਦਾ ਸੁਰਾਗ ਮਿਲ ਗਿਆ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਦੀ ਸੂਚਨਾ ਪੁਲਿਸ ਵੱਲੋਂ ਸੁਪਰੀਮ ਕੋਰਟ ਵਿੱਚ ਦਿੱਤੇ ਜਾਣ ਤੋਂ ਬਾਅਦ ਉੱਥੇ ਵੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ।
ਪੀ.ਓ. ਆਰਡਰ ਰੱਦ ਕਰਵਾਉਣ ਦੀ ਤਿਆਰੀ ’ਚ ਸੀ ਪਠਾਣਮਾਜਰਾ
ਪਠਾਣਮਾਜਰਾ ਦਾ ਆਤਮ-ਸਮਰਪਣ ਕਰਨ ਦਾ ਕੋਈ ਇਰਾਦਾ ਨਹੀਂ ਸੀ। ਉਹ ਸੁਪਰੀਮ ਕੋਰਟ ਰਾਹੀਂ ਪੀ.ਓ. (ਭਗੌੜਾ) ਦੇ ਆਰਡਰ ਕੈਂਸਲ ਕਰਵਾਉਣ ਦੀ ਤਿਆਰੀ ਵਿੱਚ ਸੀ, ਪਰ ਪਟਿਆਲਾ ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਕਾਬੂ ਕਰ ਲਿਆ। ਸੀ.ਆਈ.ਏ. ਸਟਾਫ਼ ਪਟਿਆਲਾ ਦੀ ਟੀਮ ਨੇ ਵਿਧਾਇਕ ਨੂੰ ਵਿਦੇਸ਼ ਭੇਜਣ ਅਤੇ ਵਾਪਸੀ ਤੇ ਲੁਕਾਉਣ ਵਿੱਚ ਮਦਦ ਕਰਨ ਵਾਲੇ ਬਲਜਿੰਦਰ ਸਿੰਘ ਵਾਸੀ ਨੰਦਗੜ੍ਹ ਅਤੇ ਪ੍ਰਾਪਰਟੀ ਡੀਲਰ ਗੁਰਪਾਲ ਸਿੰਘ ਵਾਸੀ ਭਿਤਰਵਾਰ, ਜ਼ਿਲ੍ਹਾ ਗਵਾਲੀਅਰ, ਮੱਧ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੁਰਪਾਲ ਸਿੰਘ ਨੇ ਮੱਧ ਪ੍ਰਦੇਸ਼ ਵਿੱਚ ਲੁਕਣ ਲਈ ਮਦਦ ਕੀਤੀ ਸੀ। ਇਸ ਤੋਂ ਇਲਾਵਾ ਪੁਲਿਸ ਉਨ੍ਹਾਂ ਲੋਕਾਂ ਦੀ ਵੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਆਸਟ੍ਰੇਲੀਆ ਜਾਣ ਅਤੇ ਵਾਪਸ ਆਉਣ ਦੌਰਾਨ ਵਿੱਤੀ ਮਦਦ ਦਿੱਤੀ ਸੀ।
ਇਹ ਸੀ ਰੂਟ ਪਲਾਨ
2 ਸਤੰਬਰ ਨੂੰ ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ, ਅਗਲੇ ਦਿਨ ਕਰਨਾਲ ਵਿੱਚ ਹੋਈ ਛਾਪੇਮਾਰੀ ਤੋਂ ਬਾਅਦ ਵਿਧਾਇਕ ਫਰਾਰ ਹੋ ਗਏ ਸੀ। ਉਹ ਸੜਕ ਰਸਤੇ ਨੇਪਾਲ ਦਾਖਲ ਹੋ ਕੇ ਸਿੱਧਾ ਕਾਠਮੰਡੂ ਪੁੱਜੇ ਜਿੱਥੋਂ ਪਹਿਲਾਂ ਤੋਂ ਲੱਗੇ ਵੀਜ਼ੇ ਰਾਹੀਂ ਆਸਟ੍ਰੇਲੀਆ ਚਲੇ ਗਏ। ਆਸਟ੍ਰੇਲੀਆ ਵਿੱਚ 6 ਮਹੀਨੇ ਰਹਿਣ ਦੌਰਾਨ ਉਨ੍ਹਾਂ ਨੇ ਨਿਊਜ਼ੀਲੈਂਡ ਜਾਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। 6 ਮਹੀਨੇ ਪੂਰੇ ਹੋਣ 'ਤੇ ਪਠਾਣਮਾਜਰਾ ਪਹਿਲਾਂ ਦੁਬਈ ਗਏ, ਫਿਰ ਉੱਥੋਂ ਭੂਟਾਨ ਪੁੱਜੇ। ਭੂਟਾਨ ਤੋਂ ਉਹ ਮੁੜ ਨੇਪਾਲ ਰਾਹੀਂ 28 ਫਰਵਰੀ ਨੂੰ ਸੜਕ ਰਸਤੇ ਭਾਰਤ ਵਿੱਚ ਦਾਖਲ ਹੋਏ ਅਤੇ ਮੱਧ ਪ੍ਰਦੇਸ਼ ਵਿੱਚ ਜਾ ਕੇ ਲੁਕ ਗਏ।