ਭਾਸ਼ਾ ਵਿਭਾਗ ਪੰਜਾਬ ਦੇ ਪੰਜਾਬੀ ਰਸਾਲਿਆਂ ਦਾ ਪ੍ਰਕਾਸ਼ਨ ਨਿਯਮਤ ਰੂਪ ’ਚ ਸ਼ੁਰੂ
Patiala News : ਵਿਭਾਗ ਦੀ ਟੀਮ ਵੱਲੋਂ ਕੀਤੇ ਗਏ ਉਪਰਾਲਿਆਂ ਸਦਕਾ ਹੁਣ ਇਹ ਰਸਾਲੇ ਸਮੇਂ ਸਿਰ ਅਤੇ ਨਿਯਮਤ ਰੂਪ ਵਿੱਚ ਛਪਣੇ ਸ਼ੁਰੂ ਹੋ ਗਏ ਹਨ। ਪਿਛਲੇ ਸਮੇਂ ਦੇ ਬਕਾਇਆ ਪਏ ਰਸਾਲਿਆਂ ਦੇ ਜ਼ਿਆਦਾਤਰ ਅੰਕ ਛਪ ਕੇ ਵਿਭਾਗ ’ਚ ਪੁੱਜ ਗਏ ਹਨ ਜੋ ਜਲਦੀ ਹੀ ਪਾਠਕਾਂ ਕੋਲ ਪੁੱਜ ਜਾਣਗੇ।
Publish Date: Wed, 13 May 2026 03:45 PM (IST)
Updated Date: Wed, 13 May 2026 03:47 PM (IST)

ਪੱਤਰ ਪ੍ਰੇਕਰ, ਪੰਜਾਬੀ ਜਾਗਰਣ ਪਟਿਆਲਾ: ਭਾਸ਼ਾ ਵਿਭਾਗ ਪੰਜਾਬ ਦੇ ਪੰਜਾਬੀ ਰਸਾਲੇ ‘ਜਨ ਸਾਹਿਤ’ ਅਤੇ ‘ਪੰਜਾਬੀ ਦੁਨੀਆ’ ਦਾ ਪ੍ਰਕਾਸ਼ਨ ਫਿਰ ਤੋਂ ਨਿਯਮਤ ਰੂਪ ਵਿੱਚ ਸ਼ੁਰੂ ਹੋ ਗਿਆ ਹੈ। ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਪਿਛਲੇ ਕਾਫ਼ੀ ਅਰਸੇ ਤੋਂ ਉਕਤ ਰਸਾਲੇ ਵੱਖ-ਵੱਖ ਕਾਰਨਾਂ ਕਰਕੇ, ਸਮੇਂ ਸਿਰ ਛਪ ਨਹੀਂ ਰਹੇ ਸਨ। ਵਿਭਾਗ ਦੀ ਟੀਮ ਵੱਲੋਂ ਕੀਤੇ ਗਏ ਉਪਰਾਲਿਆਂ ਸਦਕਾ ਹੁਣ ਇਹ ਰਸਾਲੇ ਸਮੇਂ ਸਿਰ ਅਤੇ ਨਿਯਮਤ ਰੂਪ ਵਿੱਚ ਛਪਣੇ ਸ਼ੁਰੂ ਹੋ ਗਏ ਹਨ। ਪਿਛਲੇ ਸਮੇਂ ਦੇ ਬਕਾਇਆ ਪਏ ਰਸਾਲਿਆਂ ਦੇ ਜ਼ਿਆਦਾਤਰ ਅੰਕ ਛਪ ਕੇ ਵਿਭਾਗ ’ਚ ਪੁੱਜ ਗਏ ਹਨ ਜੋ ਜਲਦੀ ਹੀ ਪਾਠਕਾਂ ਕੋਲ ਪੁੱਜ ਜਾਣਗੇ। ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ’ਤੇ ਕਰਵਾਏ ਜਾਂਦੇ ਸੈਮੀਨਾਰਾਂ, ਗੋਸ਼ਟੀਆਂ ਤੇ ਵਿਸ਼ੇਸ਼ ਭਾਸ਼ਣਾਂ ਦੌਰਾਨ ਪੜ੍ਹੇ ਜਾਣ ਵਾਲੇ ਪਰਚਿਆਂ ’ਤੇ ਅਧਾਰਤ ਵੀ ਰਸਾਲਿਆਂ ਦੇ ਵਿਸ਼ੇਸ਼ ਅੰਕ ਛਾਪਣੇ ਸ਼ੁਰੂ ਕੀਤੇ ਹਨ। ਜਿਸ ਨਾਲ ਇਨ੍ਹਾਂ ਦੀ ਗੁਣਵੱਤਾ ਅਤੇ ਪਾਠਕਾਂ ਦਾ ਦਾਇਰਾ ਵਧੇਗਾ। ਉਨ੍ਹਾਂ ਦੱਸਿਆ ਕਿ ਤਾਜ਼ਾ ਪ੍ਰਕਾਸ਼ਤ ਹੋਏ ਵਿਸ਼ੇਸ਼ ਅੰਕਾਂ ’ਚ ਸ਼ਹੀਦ ਭਗਤ ਸਿੰਘ, ਡਾ. ਜਗਤਾਰ ਤੇ ਡਾ. ਹਰਿਭਜਨ ਸਿੰਘ ਵਿਸ਼ੇਸ਼ ਅੰਕ ਸ਼ਾਮਲ ਹਨ। ਜਲਦੀ ਹੀ ਇਨ੍ਹਾਂ ਰਸਾਲਿਆਂ ਦੇ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਤੇ ਡਾ. ਗੁਰਮੇਲ ਕੌਰ ਜੋਸ਼ੀ ਵਿਸ਼ੇਸ਼ ਅੰਕ ਵੀ ਪਾਠਕਾਂ ਦੇ ਹੱਥਾਂ ’ਚ ਹੋਣਗੇ। ਇਨ੍ਹਾਂ ਰਸਾਲਿਆਂ ਦੇ ਸੰਪਾਦਕ ਡਾ. ਸੰਤੋਖ ਸਿੰਘ ਸੁੱਖੀ ਨੇ ਦੱਸਿਆ ਕਿ ‘ਜਨ ਸਾਹਿਤ’ ਰਸਾਲੇ ਵਿੱਚ ਸਿਰਜਣਾਤਮਕ ਸਾਹਿਤ ਨਾਲ ਸਬੰਧਤ ਰਚਨਾਵਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ ਅਤੇ ‘ਪੰਜਾਬੀ ਦੁਨੀਆ’ ਰਸਾਲੇ ਵਿੱਚ ਵੱਖ-ਵੱਖ ਵਿਸ਼ਿਆਂ ਤੇ ਸ਼ਖ਼ਸੀਅਤਾਂ ਬਾਰੇ ਖੋਜ ਭਰਪੂਰ ਲੇਖ ਛਾਪੇ ਜਾਂਦੇ ਹਨ।