ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) 2026 ਕਾਨੂੰਨ ਲਾਗੂ ਕਰਨ ਮਗਰੋਂ ਟਾਵਰ ਮੋਰਚਾ ਸਮਾਣਾ ਨੇ ਗੁਰਜੀਤ ਸਿੰਘ ਖ਼ਾਲਸਾ ਨੂੰ ਟਾਵਰ ਤੋਂ ਹੇਠਾਂ ਉਤਾਰਣ ਲਈ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਸੀ।

ਭਾਰਤ ਭੂਸਣ ਗੋਇਲ, ਪੰਜਾਬੀ ਜਾਗਰਣ, ਸਮਾਣਾ-: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਕਾਨੂੰਨ ਦੀ ਮਮੰਗ ਕਰ ਰਹੇ ਗੁਰਜੀਤ ਸਿੰਘ ਖ਼ਾਲਸਾ ਨੂੰ ਸ਼ੁੱਕਰਵਾਰ ਨੂੰ ਟਾਵਰ ਤੋਂ ਉਤਾਰ ਲਿਆ ਗਿਆ। ਇਸ ਦੇ ਨਾਲ ਹੀ 18 ਮਹੀਨੇ ਤੋਂ ਚੱਲ ਰਿਹਾ ਟਾਵਰ ਮੋਰਚਾ ਸਮਾਣਾ ਤੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ’ਚ ਲੱਗਿਆ ਧਰਨਾ ਸਮਾਪਤ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਜੀਤ ਸਿੰਘ ਨੂੰ ਟਾਵਰ ਤੋਂ ਉਤਾਰਣ ਤੋਂ ਬਾਅਦ ਉਨ੍ਹਾਂ ਦਾ ਮੈਡੀਕਲ ਚੈਕਅਪ ਕਰਵਾਇਆ ਗਿਆ ਤੇ ਫਿਰ ਉਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਚੌਕ ’ਚ ਪੁੱਜੇ। ਇੱਥੇ ਰੱਖੇ ਗਏ ਸ੍ਰੀ ਅਖੰਡਪਾਠ ਦਾ ਭੋਗ ਪਿਆ ਗਿਆ ਤੇ ਇਸ ਤੋਂ ਬਾਅਦ ਸ਼ਾਮ ਨੂੰ ਇੱਥੋਂ ਧਰਨਾ ਚੁੱਕ ਦਿੱਤਾ ਗਿਆ। ਧਰਨਾ ਕਮੇਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸੰਗਤ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) 2026 ਕਾਨੂੰਨ ਲਾਗੂ ਕਰਨ ਮਗਰੋਂ ਟਾਵਰ ਮੋਰਚਾ ਸਮਾਣਾ ਨੇ ਗੁਰਜੀਤ ਸਿੰਘ ਖ਼ਾਲਸਾ ਨੂੰ ਟਾਵਰ ਤੋਂ ਹੇਠਾਂ ਉਤਾਰਣ ਲਈ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਸੀ। ਇਸ ਮਗਰੋਂ ਪ੍ਰਸ਼ਾਸਨ ਨੇ ਪੰਜਾਬ ਫਾਇਰ ਸਰਵਿਸ ਸਮੇਤ ਵੱਖ-ਵੱਖ ਟੀਮਾਂ ਦੀ ਮਦਦ ਤੋਂ ਤਕਨੀਕੀ ਸਹਾਇਤਾ ਲਈ ਤੇ ਉਨ੍ਹਾਂ ਨੂੰ ਸੁਰੱਖਿਆ ਟਾਵਰ ਤੋਂ ਉਤਾਰ ਲਿਆ ਗਿਆ ਹੈ। ਹੇਠ ਉਤਰਦਿਆਂ ਹੀ ਸਮਾਣਾ ਦੇ ਐੱਸਐੱਮਓ ਡਾ. ਨੰਦਨੀ ਸ਼ਰਮਾ ਤੇ ਸਰਕਾਰੀ ਮੈਡੀਕਲ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ. ਪਰਮਿੰਦਰ ਪਾਲ ਸਿੰਘ ਦੀ ਮੈਡੀਕਲ ਟੀਮ ਨੇ ਉਨ੍ਹਾਂ ਦੀ ਸਿਹਤ ਦਾ ਨਿਰੀਖਣ ਕਰ ਕੇ ਲੋੜੀਂਦੀ ਮੈਡੀਕਲ ਸਹਾਇਤਾ ਦਿੱਤੀ। ਟਾਵਰ ਤੋਂ ਸੁਰੱਖਿਅਤ ਹੇਠਾਂ ਉਤਾਰਨ ਲਈ ਟਾਵਰ ਮੋਰਚਾ ਸਮਾਣਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਫਾਇਰ ਬ੍ਰਿਗੇਡ ਦੇ ਸਹਾਇਕ ਮੰਡਲ ਫਾਇਰ ਅਫ਼ਸਰ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਫਾਇਰ ਸਰਵਿਸ ਦੀ ਟਰੇਂਡ ਰੈਸਕਿਊ ਟੀਮ ਨੇ ਟਰਨ ਟੇਬਲ ਲੈਡਰ (ਟੀਟੀਐਲ), ਜੋ ਲੁਧਿਆਣਾ ਤੋਂ ਲਿਆਂਦੀ ਗਈ ਸੀ, ਰਾਹੀਂ ਟਾਵਰ ’ਤੇ 180 ਫੁੱਟ ਉੱਚਾਈ ਤੱਕ ਪਹੁੰਚ ਬਣਾਈ। ਉਸ ਤੋਂ ਉਪਰ ਟੀਮ ਨੇ 150 ਫੁੱਟ ਤੱਕ ਹਾਰਨੈਸ ਪੁਲੀ, ਰੱਸੀ ਆਦਿ ਨਾਲ ਖਾਲਸਾ ਦੇ ਟਿਕਾਣੇ ਤੱਕ ਪਹੁੰਚ ਕੀਤੇ ਤੇ ਫਿਰ ਉਨ੍ਹਾਂ ਨੂੰ ਰੱਸੀ ਨਾਲ 125 ਫੁੱਟ ਹੇਠਾਂ ਲਿਆਂਦਾ ਤੇ ਫਾਇਰ ਬ੍ਰਿਗੇਡ ਦੀ ਟਰਨ ਟੇਬਲ ਲੈਡਰ ਹਾਈਡਰੋਲਿਕ ਦੇ ਕੈਬਿਨ ’ਚ ਸ਼ਿਫਟ ਕੀਤਾ।