ਗੁਰੂ ਤੇਗ ਬਹਾਦਰ ਹਾਲ ਵਿਖੇ ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ਅਤੇ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਤਿੰਨ ਰੋਜ਼ਾ ਪੰਜਾਬੀ ਸਿਨੇਮਾ, ਟੈਲੀਵੀਜ਼ਨ ਤੇ ਥੀਏਟਰ ਵਿਸ਼ਾਲ ਸ਼ੋਅ ਦੇ ਆਖਰੀ ਦਿਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਫੰਡਾਂ ਦੀ ਘਾਟ ਕਰਕੇ ਕਿਸੇ ਵੀ ਵਿਦਿਆਰਥੀ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।
ਨਵਦੀਪ ਢੀਂਗਰਾ, ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ੇ ਦੇ ਵੱਡੇ ਬੋਝ ਤੋਂ ਮੁਕਤ ਕਰਨ ਦੀ ਗਾਰੰਟੀ ਦਾ ਐਲਾਨ ਕਰਦਿਆਂ ਕਿਹਾ ਕਿ ਉੱਤਰੀ ਭਾਰਤ ’ਚ ਉਚੇਰੀ ਸਿੱਖਿਆ ਪ੍ਰਦਾਨ ਕਰਨ ਵਾਲੀ ਇਸ ਨਾਮਵਰ ਯੂਨੀਵਰਸਿਟੀ ਦੀ ਮਾਣਮੱਤੀ ਅਤੇ ਅਸਲ ਸ਼ਾਨ ਨੂੰ ਬਹਾਲ ਕੀਤਾ ਜਾਵੇਗਾ। ਮੁੱਖ ਮੰਤਰੀ ਦੇ ਇਸ ਸਮਾਗਮ ਦੌਰਾਨ ਮੀਡੀਆ ’ਤੇ ਪਾਬੰਦੀ ਲੱਗੀ ਰਹੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਹਾਲ ਦੀਆਂ ਗਰਿੱਲਾਂ ਤੇ ਪੁਲਿਸ ਫੋਰਸ ਵੱਲੋਂ ਘੇਰਾਬੰਦੀ ਕਰ ਦਿੱਤੀ ਗਈ।
ਇੱਥੇ ਗੁਰੂ ਤੇਗ ਬਹਾਦਰ ਹਾਲ ਵਿਖੇ ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ਅਤੇ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਤਿੰਨ ਰੋਜ਼ਾ ਪੰਜਾਬੀ ਸਿਨੇਮਾ, ਟੈਲੀਵੀਜ਼ਨ ਤੇ ਥੀਏਟਰ ਵਿਸ਼ਾਲ ਸ਼ੋਅ ਦੇ ਆਖਰੀ ਦਿਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਫੰਡਾਂ ਦੀ ਘਾਟ ਕਰਕੇ ਕਿਸੇ ਵੀ ਵਿਦਿਆਰਥੀ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੀ ਜਵਾਨੀ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦੇ ਮੌਕੇ ਪੰਜਾਬ ’ਚ ਹੀ ਪ੍ਰਦਾਨ ਹੋਣਗੇ। ਇਸ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਰੋਸਾ ਦਿਵਾਇਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਸਿੱਖਿਆ ਅਤੇ ਖੇਡਾਂ ਦੇ ਖੇਤਰ ’ਚ ਅੱਗੇ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ 100 ਫ਼ੀਸਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਇਨਾਂ ਨੂੰ ਕੀਤਾ ਗਿਆ ਸਨਮਾਨਤ
ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਤਿੰਨ ਰੋਜ਼ਾ ਪੰਜਾਬੀ ਸਿਨੇਮਾ, ਟੈਲੀਵਿਜ਼ਨ ਅਤੇ ਰੰਗਮੰਚ ਮਹਾਉਤਸਵ ਦੀ ਸਮਾਪਤੀ ਮੌਕੇ ਉਘੇ ਫਿਲਮਕਾਰ ਮਨਮੋਹਨ ਸਿੰਘ, ਪ੍ਰਸਿੱਧ ਪੰਜਾਬੀ ਅਦਾਕਾਰ ਯੋਗਰਾਜ ਸਿੰਘ, ਗੁੱਗੂ ਗਿੱਲ, ਵਿਜੇ ਟੰਡਨ, ਗਾਇਕ ਮੁਹੰਮਦ ਸਦੀਕ ਤੇ ਸੁਰਿੰਦਰ ਛਿੰਦਾ ਅਤੇ ਫਿਲਮ ਨਿਰਦੇਸ਼ਕ ਸਮੀਪ ਕੰਗ ਦਾ ਸਨਮਾਨ ਕੀਤਾ।
ਮੀਡੀਆ ਦੇ ਦਾਖਲੇ ’ਤੇ ਲਾਈ ਪਾਬੰਦੀ
’ਵਰਸਿਟੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਹਾਲ ’ਚ ਕਰਵਾਏ ਇਕ ਜਨਤਕ ਸਮਾਗਮ ’ਚ ਮੁੱਖ ਮੰਤਰੀ ਦੀ ਆਮਦ ਮੌਕੇ ’ਤੇ ਮੀਡੀਆ ਦੇ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੋਂ ਪਹਿਲਾਂ ਹਾਲ ’ਚ ਪੁੱਜਣ ਵਾਲੇ ਪੱਤਰਕਾਰਾਂ ਨੂੰ ਵੀ ਬਾਹਰ ਕੱਢ ਦਿੱਤਾ ਗਿਆ। ਮੁੱਖ ਮੰਤਰੀ ਦਾ ਕਾਫ਼ਲਾ ਪੁੱਜਣ ’ਤੇ ਵਾਈਸ ਚਾਂਸਲਰ ਕੰਪਲੈਕਸ ਦੇ ਬਾਹਰ ਖੜ੍ਹੇ ਪੱਤਰਕਾਰਾਂ ਦੀ ਪੁਲਿਸ ਫੋਰਸ ਵੱਲੋਂ ਘੇਰਾਬੰਦੀ ਕਰਕੇ ਕਿਸੇ ਨੂੰ ਵੀ ਅੰਦਰ ਨਾ ਜਾਣ ਦਿੱਤਾ ਗਿਆ।