ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ
ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਬੇਅਦਬੀ
Publish Date: Sun, 04 Jan 2026 06:00 PM (IST)
Updated Date: Sun, 04 Jan 2026 06:02 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਬਹੁਜਨ ਸਮਾਜ ਪਾਰਟੀ ਵੱਲੋਂ ਰਾਜਪੁਰਾ ਵਿਖੇ ਹਲਕਾ ਰਾਜਪੁਰਾ ਅਧੀਨ ਪੈਂਦੇ ਪਿੰਡ ਕਲੋਲੀ ਵਿਖੇ ਸਥਾਪਿਤ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਇਕ ਮੀਟਿੰਗ ਸੂਬਾ ਉਪ ਪ੍ਰਧਾਨ ਬਲਦੇਵ ਸਿੰਘ ਮਹਿਰਾ, ਹਲਕਾ ਰਾਜਪੁਰਾ ਇੰਚਾਰਜ ਸੁਖਵੀਰ ਸਿੰਘ, ਹਰਭਜਨ ਸਿੰਘ ਜਨਰਲ ਸਕੱਤਰ ਪੰਜਾਬ, ਜ਼ਿਲ੍ਹਾ ਇੰਚਾਰਜ ਦਰਸ਼ਨ ਸਿੰਘ ਨਡਿਆਲੀ, ਕੁਲਦੀਪ ਸਿੰਘ ਸੁਰੋਂ, ਐਡਵੋਕੇਟ ਜਸਪਾਲ ਸਿੰਘ ਅਤੇ ਜ਼ਿਲ੍ਹਾ ਸਕੱਤਰ ਸੁਖਵੰਤ ਸਿੰਘ ਨੇ ਕੀਤੀ ਗਈ। ਮੀਟਿੰਗ ਦੌਰਾਨ ਆਗੂਆਂ ਨੇ ਪਿੰਡ ਕਲੋਲੀ ਵਿਖੇ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵੱਲੋਂ ਨਾ ਸਿਰਫ਼ ਬਾਬਾ ਸਾਹਿਬ ਦੀ ਮੂਰਤੀ ਦਾ ਅਪਮਾਨ ਕੀਤਾ ਗਿਆ, ਸਗੋਂ ਪੰਚਾਇਤ ਵੱਲੋਂ ਨਿਸ਼ਾਨਦੇਹੀ ਕੀਤੀ ਜ਼ਮੀਨ ’ਤੇ ਲੱਗੇ ਪਿੱਲਰ, ਕੰਡਿਆਲੀ ਤਾਰ ਅਤੇ ਕੁਝ ਦਰੱਖਤ ਵੀ ਉਖਾੜ ਕੇ ਨਾਲ ਲੈ ਜਾਏ ਗਏ। ਇਸ ਕਾਰਵਾਈ ਨਾਲ ਸਰਕਾਰੀ ਸੰਪਤੀ ਨੂੰ ਨੁਕਸਾਨ ਹੋਇਆ ਹੈ ਅਤੇ ਬਹੁਜਨ ਸਮਾਜ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ, ਜੋ ਬਰਦਾਸ਼ਤਯੋਗ ਨਹੀਂ। ਆਗੂਆਂ ਨੇ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਬਹੁਜਨ ਸਮਾਜ ਪਾਰਟੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸ੍ਰੀ ਗੁਰੂ ਰਵਿਦਾਸ ਸਭਾਵਾਂ, ਮਹਾਂਰਿਸ਼ੀ ਵਾਲਮੀਕਿ ਸਭਾਵਾਂ ਅਤੇ ਡਾ. ਭੀਮ ਰਾਓ ਅੰਬੇਦਕਰ ਦੇ ਨਾਮ ‘ਤੇ ਬਣੀਆਂ ਜਥੇਬੰਦੀਆਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਮਿਤੀ 6 ਜਨਵਰੀ 2026 ਦਿਨ ਮੰਗਲਵਾਰ ਨੂੰ ਦਾਣਾ ਮੰਡੀ ਬਨੂੜ ਵਿਖੇ ਕੀਤੇ ਜਾ ਰਹੇ ਧਰਨਾ ਪ੍ਰਦਰਸ਼ਨ ਵਿਚ ਵੱਧ ਤੋਂ ਵੱਧ ਸਾਥੀਆਂ ਸਮੇਤ ਸ਼ਾਮਲ ਹੋ ਕੇ ਬਹੁਜਨ ਸਮਾਜ ਦੇ ਮਹਾਂਪੁਰਸ਼ਾਂ ਨੂੰ ਸਨਮਾਨ ਦਿਵਾਇਆ ਜਾਵੇ। ਧਰਨੇ ਦੀ ਅਗਵਾਈ ਡਾ. ਅਵਤਾਰ ਸਿੰਘ ਕਰੀਮਪੁਰੀ, ਸੂਬਾ ਪ੍ਰਧਾਨ ਬਸਪਾ ਪੰਜਾਬ ਅਤੇ ਸਾਬਕਾ ਰਾਜ ਸਭਾ ਮੈਂਬਰ ਕਰਨਗੇ। ਇਸ ਮੌਕੇ ਅਜੀਤ ਸਿੰਘ ਭੈਣੀ, ਹਰਭਜਨ ਸਿੰਘ ਬਜਹੇੜੀ ਅਤੇ ਜੋਗਾ ਸਿੰਘ ਪਨੋਦੀਆ ਸਮੇਤ ਹੋਰ ਸੂਬਾ ਪੱਧਰੀ ਆਗੂ ਵੀ ਹਾਜ਼ਰ ਹੋਣਗੇ।