ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਪੜਾਅ ਵਜੋਂ ਜਾਗਰੂਕਤਾ ਸੈਮੀਨਾਰ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਪੜਾਅ ਵਜੋਂ ਮੰਡੀ ਗੋਬਿੰਦਗੜ੍ਹ ਵਿਚ ਜਾਗਰੂਕਤਾ ਸੈਮੀਨਾਰ
Publish Date: Sun, 18 Jan 2026 04:11 PM (IST)
Updated Date: Sun, 18 Jan 2026 04:13 PM (IST)

ਐੱਸਐੱਸਪੀ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਮੁਕੇਸ਼ ਘਈ, ਪੰਜਾਬੀ ਜਾਗਰਣ, ਸਰਹਿੰਦ : ਨਸ਼ਾ ਵਿਰੋਧੀ ਮੁਹਿੰਮ ਤਹਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮੰਡੀ ਗੋਬਿੰਦਗੜ੍ਹ ਵਿਖੇ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਐੱਸਐੱਸਪੀ ਸ਼ੁਭਮ ਅਗਰਵਾਲ ਆਪਣੀ ਪੂਰੀ ਪੁਲਿਸ ਟੀਮ ਸਮੇਤ ਮੌਜੂਦ ਸਨ। ਐੱਸਐੱਸਪੀ ਸ਼ੁਭਮ ਅਗਰਵਾਲ ਨੇ ਵਿਦਿਆਰਥੀਆਂ ਨਾਲ ਸਿੱਧੇ ਤੌਰ ’ਤੇ ਗੱਲਬਾਤ ਕਰਦਿਆਂ ਨਸ਼ਿਆਂ ਕਾਰਨ ਹੋਣ ਵਾਲੇ ਸਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਨਾਲ ਸਵਾਲ-ਜਵਾਬ ਸੈਸ਼ਨ ਵੀ ਕਰਵਾਇਆ, ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜ ਵਿਰੋਧੀ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਇਸ ਲੜਾਈ ਵਿਚ ਅਧਿਆਪਕਾਂ, ਪੁਲਿਸ ਅਤੇ ਸਮਾਜ ਦੇ ਨਾਲ ਮਿਲ ਕੇ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਨਸ਼ਿਆਂ ਪ੍ਰਤੀ ਜਾਗਰੂਕਤਾ ਨੂੰ ਦਰਸਾਉਂਦੀਆਂ ਸੁੰਦਰ ਪੇਂਟਿੰਗਾਂ ਵੀ ਬਣਾਈਆਂ, ਜਿਨ੍ਹਾਂ ਨੇ ਨਸ਼ਿਆਂ ਵਿਰੁੱਧ ਇਕ ਸ਼ਕਤੀਸ਼ਾਲੀ ਸੰਦੇਸ਼ ਦਿੱਤਾ। ਐੱਸਐੱਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਨਸ਼ਿਆਂ ਦੇ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਹੈ। ਉਨ੍ਹਾਂ ਦੱਸਿਆ ਕਿ ਅੱਜ ਲਗਭਗ 22 ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਆਮ ਲੋਕਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ। ਨਸ਼ਾ ਤਸਕਰਾਂ ਦੇ ਘਰਾਂ ਵਿਰੁੱਧ ਬੁਲਡੋਜ਼ਰ ਕਾਰਵਾਈਆਂ ਜਾਰੀ ਰਹੇਗੀ, ਅਤੇ ਭਵਿੱਖ ਵਿਚ ਵੀ ਅਜਿਹੀਆਂ ਸਖ਼ਤ ਕਾਰਵਾਈਆਂ ਜਾਰੀ ਰਹਿਣਗੀਆਂ। ਇਸ ਤੋਂ ਪਹਿਲਾਂ ਸਵੇਰੇ ਮੰਡੀ ਗੋਬਿੰਦਗੜ੍ਹ ਵਿਚ ਨੈਸ਼ਨਲ ਹਾਈਵੇਅ ਸਰਵਿਸ ਰੋਡ ’ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ, ਜਿਸ ਦੌਰਾਨ ਇਕ ਘੰਟੇ ਦੇ ਅੰਦਰ ਵੱਖ-ਵੱਖ ਵਾਹਨਾਂ ਦੇ ਲਗਭਗ 82 ਚਲਾਨ ਕੀਤੇ ਗਏ। ਇਨ੍ਹਾਂ ਚਲਾਨਾਂ ਦੀ ਕੁੱਲ ਰਕਮ ਇਕ ਲੱਖ ਰੁਪਏ ਤੋਂ ਵੱਧ ਹੋਣ ਦਾ ਅਨੁਮਾਨ ਹੈ। ਇਸ ਮੌਕੇ ਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਐੱਸਪੀ (ਡੀ) ਰਾਕੇਸ਼ ਯਾਦਵ, ਡੀਐੱਸਪੀ ਅਮਰਦੀਪ ਸਿੰਘ, ਡੀਐੱਸਪੀ ਕੁਲਵੀਰ ਸਿੰਘ ਸੰਧੂ, ਐੱਸਐੱਚਓ ਅੰਮ੍ਰਿਤਵੀਰ ਸਿੰਘ, ਐੱਸਐੱਚਓ ਅਮਲੋਹ ਹਰਕੀਰਤ ਸਿੰਘ, ਸਕੂਲ ਸਟਾਫ ਰਜਨੀਸ਼ ਕੁਮਾਰ ਨੰਦਾ, ਦੀਪਕ ਕੁਮਾਰ, ਬਲਜਿੰਦਰ ਸਿੰਘ, ਅਮਰਜੀਤ ਸਿੰਘ, ਗੁਰਮੀਤ ਸਿੰਘ, ਗਗਨਦੀਪ ਕੌਰ, ਰਜਨੀ ਬਾਲਾ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਸ਼ਾਮਲ ਸਨ।