ਸੜਕ ਸੁਰੱਖਿਆ ਮਹੀਨੇ ਤਹਿਤ ਜਾਗਰੂਕਤਾ ਕੈਂਪ ਲਾਇਆ
ਸੜਕ ਸੁਰੱਖਿਆ ਮਹੀਨੇ ਤਹਿਤ ਸਰਹਿੰਦ ਵਿਖੇ ਜਾਗਰੂਕਤਾ ਕੈਂਪ ਲਾਇਆ
Publish Date: Sat, 17 Jan 2026 04:13 PM (IST)
Updated Date: Sat, 17 Jan 2026 04:15 PM (IST)

- ਏਆਰਟੀਓ ਮਨਿੰਦਰ ਸਿੰਘ ਨੇ ਟਰੱਕ ਚਾਲਕਾਂ ਨੂੰ ਆਵਾਜਾਈ ਨਿਯਮਾਂ ਬਾਰੇ ਦੱਸਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸੜਕ ਸੁਰੱਖਿਆ ਮਹੀਨੇ ਤਹਿਤ ਏਆਰਟੀਓ ਮਨਿੰਦਰ ਸਿੰਘ ਦੀ ਅਗਵਾਈ ਹੇਠ ਟਰੱਕ ਆਪਰੇਟਰ ਯੂਨੀਅਨ ਸਰਹਿੰਦ ਵਿਖੇ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਦੌਰਾਨ ਟਰੱਕ ਚਾਲਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਦਿੱਤੇ ਗਏ। ਮਨਿੰਦਰ ਸਿੰਘ ਨੇ ਦੱਸਿਆ ਕਿ ਇਨੀ ਦਿਨੀ ਪੈ ਰਹੀ ਸੰਘਣੀ ਧੁੰਦ ਕਾਰਨ ਵਾਹਨ ਚਲਾਉਣ ਸਮੇਂ ਪੂਰੀ ਚੌਕਸੀ ਅਤੇ ਸਾਵਧਾਨੀ ਵਰਤਣ ਦੀ ਲੋੜ ਹੈ ਤਾਂ ਜੋ ਸੜਕ ਹਾਦਸੇ ਨਾ ਵਾਪਰਨ। ਉਹਨਾਂ ਨੇ ਟਰੱਕ ਚਾਲਕਾਂ ਨੂੰ ਕਿਹਾ ਕਿ ਉਹ ਮੁੱਖ ਮਾਰਗਾਂ ਉੱਤੇ ਗਾਹੇ ਬਗਾਹੇ ਆਪਣੇ ਵਾਹਨ ਨਾ ਖੜਾਉਣ ਤਾਂ ਜੋ ਪਿੱਛੋਂ ਆਉਣ ਵਾਲੇ ਵਾਹਨ ਚਾਲਕ ਕਿਸੇ ਅਣਸੁਖਾਵੀ ਘਟਨਾ ਦਾ ਸ਼ਿਕਾਰ ਨਾ ਹੋਣ। ਵਾਹਨ ਚਾਲਕਾਂ ਨੂੰ ਡਰਾਈਵਿੰਗ ਦੌਰਾਨ ਸ਼ਰਾਬ ਦਾ ਸੇਵਨ ਨਾ ਕਰਨ ਦੀ ਹਦਾਇਤ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਤੇਜ ਰਫਤਾਰ ਵਾਹਨ, ਸੜਕ ਹਾਦਸਿਆਂ ਨੂੰ ਅੰਜਾਮ ਦੇ ਸਕਦੇ ਹਨ ਇਸ ਲਈ ਨਿਰਧਾਰਤ ਗਤੀ ਨਾਲ ਹੀ ਵਾਹਨ ਚਲਾਏ ਜਾਣ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ 31 ਜਨਵਰੀ ਤਕ ਇਹ ਜਾਗਰੂਕਤਾ ਸਰਗਰਮੀਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ ਜਲਵੇੜਾ, ਸਕੱਤਰ ਚਰਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਯੂਨੀਅਨ ਮੈਂਬਰ ਆਦਿ ਮੌਜੂਦ ਸਨ।