ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਵੱਲੋਂ ਵੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ, ਵਿਤਕਰੇ ਦਾ ਲਾਇਆ ਦੋਸ਼
ਪ੍ਰਸ਼ਾਸਨ ਦਾ ਰਵੱਈਆ ਪੱਖਪਾਤੀ ਅਤੇ ਗੈਰ-ਕਾਨੂੰਨੀ ਹੈ।ਜਦੋਂ ਤੱਕ ਉਨ੍ਹਾਂ ਦੇ ਵਿਸ਼ੇ ਅਤੇ ਉਨ੍ਹਾਂ ਨਾਲ ਹੋ ਰਿਹਾ ਅਨਿਆਂ ਖ਼ਤਮ ਨਹੀਂ ਹੁੰਦਾ, ਇਹ ਧਰਨਾ ਜਾਰੀ ਰਹੇਗਾ।
Publish Date: Thu, 23 Apr 2026 01:07 PM (IST)
Updated Date: Thu, 23 Apr 2026 01:10 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਸ਼ਾਸਨਿਕ ਵਤੀਰੇ ਅਤੇ ਕਥਿਤ ਪੱਖਪਾਤੀ ਫੈਸਲਿਆਂ ਖ਼ਿਲਾਫ਼ ਅੱਜ ਭਾਸ਼ਾ ਵਿਗਿਆਨ (ਲਿੰਗੁਇਸਟਿਕਸ) ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਅਤੇ ਸੈਨੇਟ ਮੈਂਬਰ ਡਾ. ਸੁਮਨ ਪ੍ਰੀਤ ਵਿਰਕ ਵੱਲੋਂ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਡਾ. ਵਿਰਕ ਨੇ ਯੂਨੀਵਰਸਿਟੀ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਵਿਭਾਗ ਵਿੱਚ ਇਕਲੌਤੇ ਯੋਗ ਅਧਿਆਪਕ ਹੋਣ ਦੇ ਬਾਵਜੂਦ ਲਗਾਤਾਰ ਅਣਦੇਖੀ ਅਤੇ ਵਿਤਕਰੇ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਮੁਤਾਬਕ ਪ੍ਰਸ਼ਾਸਨ ਦੀਆਂ ਗਲਤ ਨੀਤੀਆਂ ਕਾਰਨ ਨਾ ਸਿਰਫ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਸਗੋਂ 'ਲਿੰਗੁਇਸਟਿਕਸ' ਵਰਗੇ ਮਹੱਤਵਪੂਰਨ ਵਿਸ਼ੇ ਅਤੇ ਕਿੱਤੇ ਨੂੰ ਵੀ ਵੱਡੀ ਸੱਟ ਮਾਰੀ ਜਾ ਰਹੀ ਹੈ।
ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਪ੍ਰਗਟ ਕਰਦਿਆਂ ਡਾ. ਵਿਰਕ ਨੇ ਸਪੱਸ਼ਟ ਕੀਤਾ ਕਿ ਇਹ ਸੰਘਰਸ਼ ਵਿਭਾਗ ਦੀ ਹੋਂਦ ਅਤੇ ਅਧਿਆਪਕਾਂ ਦੇ ਹੱਕਾਂ ਦੀ ਰਾਖੀ ਲਈ ਹੈ। ਪ੍ਰਸ਼ਾਸਨ ਦਾ ਰਵੱਈਆ ਪੱਖਪਾਤੀ ਅਤੇ ਗੈਰ-ਕਾਨੂੰਨੀ ਹੈ।ਜਦੋਂ ਤੱਕ ਉਨ੍ਹਾਂ ਦੇ ਵਿਸ਼ੇ ਅਤੇ ਉਨ੍ਹਾਂ ਨਾਲ ਹੋ ਰਿਹਾ ਅਨਿਆਂ ਖ਼ਤਮ ਨਹੀਂ ਹੁੰਦਾ, ਇਹ ਧਰਨਾ ਜਾਰੀ ਰਹੇਗਾ।
ਸੈਨੇਟ ਮੈਂਬਰ ਵਰਗੇ ਉੱਚ ਅਹੁਦੇ 'ਤੇ ਤਾਇਨਾਤ ਅਧਿਆਪਕ ਵੱਲੋਂ ਚੁੱਕੇ ਗਏ ਇਸ ਕਦਮ ਨੇ ਯੂਨੀਵਰਸਿਟੀ ਕੈਂਪਸ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਅੱਜ ਦੁਪਹਿਰ 12 ਵਜੇ ਤੋਂ ਸ਼ੁਰੂ ਹੋਏ ਇਸ ਪ੍ਰਦਰਸ਼ਨ ਦੌਰਾਨ ਡਾ. ਵਿਰਕ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਅਕਾਦਮਿਕ ਅਦਾਰਿਆਂ ਵਿੱਚ ਮੈਰਿਟ ਅਤੇ ਯੋਗਤਾ ਨੂੰ ਦਰਕਿਨਾਰ ਕਰਨਾ ਬੇਹੱਦ ਮੰਦਭਾਗਾ ਹੈ।
ਖ਼ਬਰ ਲਿਖੇ ਜਾਣ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਮਾਮਲੇ 'ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਸੀ।