ਹਮਲੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪੂਰੀ ਘਟਨਾ ਕੈਦ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਤੇਜ਼ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ।

ਜਾਗਰਣ ਸੰਵਾਦਦਾਤਾ, ਫ਼ਤਹਿਗੜ੍ਹ ਸਾਹਿਬ : ਪੰਜਾਬ 'ਚ ਲੋਕ ਨੁਮਾਇੰਦਿਆਂ ਦੀ ਸੁਰੱਖਿਆ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਜ਼ਿਲ੍ਹੇ ਦੇ ਹਲਕਾ ਅਮਲੋਹ ਅਧੀਨ ਆਉਂਦੇ ਪਿੰਡ ਸ਼ਾਹਪੁਰ ਦੇ ਸਰਪੰਚ ਡਾ. ਜਸਵਿੰਦਰ ਸਿੰਘ 'ਤੇ ਸ਼ਨਿਚਰਵਾਰ ਸਵੇਰੇ ਨਕਾਬਪੋਸ਼ ਹਮਲਾਵਰਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਅਨੁਸਾਰ ਸਰਪੰਚ ਡਾ. ਜਸਵਿੰਦਰ ਸਿੰਘ ਆਪਣੇ ਕਲੀਨਿਕ 'ਚ ਮੌਜੂਦ ਸਨ, ਜਦੋਂ ਅਚਾਨਕ ਕੁਝ ਨਕਾਬਪੋਸ਼ ਹਮਲਾਵਰ ਉੱਥੇ ਪਹੁੰਚ ਗਏ। ਹਮਲਾਵਰ ਤਲਵਾਰਾਂ ਨਾਲ ਲੈਸ ਸਨ ਤੇ ਉਨ੍ਹਾਂ ਨੇ ਬਿਨਾਂ ਕਿਸੇ ਚਿਤਾਵਨੀ ਦੇ ਸਰਪੰਚ 'ਤੇ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਉੱਥੇ ਮੌਜੂਦ ਉਨ੍ਹਾਂ ਦੇ ਇੱਕ ਸਾਥੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਅਮਲੋਹ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਉੱਥੇ ਮੁਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਿਹਤਰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਹਮਲੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪੂਰੀ ਘਟਨਾ ਕੈਦ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਤੇਜ਼ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਸੂਤਰਾਂ ਅਨੁਸਾਰ ਸਰਪੰਚ ਡਾ. ਜਸਵਿੰਦਰ ਸਿੰਘ ਇਲਾਕੇ 'ਚ ਨਸ਼ੇ ਦੇ ਖ਼ਿਲਾਫ਼ ਲਗਾਤਾਰ ਆਵਾਜ਼ ਉਠਾਉਂਦੇ ਰਹੇ ਹਨ। ਅਜਿਹੇ ਵਿਚ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਹਮਲਾ ਕਿਸੇ ਪੁਰਾਣੀ ਰੰਜਿਸ਼ ਜਾਂ ਇਸੇ ਮੁੱਦੇ ਨਾਲ ਜੁੜਿਆ ਹੋ ਸਕਦਾ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ।