ਆਤਿਸ਼ੀ ਤੇ ਭਗਵੰਤ ਮਾਨ ਖ਼ਿਲਾਫ਼ ਅਕਾਲੀ ਦਲ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ ਅੱਜ
ਆਤਿਸ਼ੀ ਅਤੇ ਭਗਵੰਤ ਮਾਨ ਖ਼ਿਲਾਫ਼ ਅਕਾਲੀ ਦਲ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ ਅੱਜ
Publish Date: Fri, 09 Jan 2026 05:58 PM (IST)
Updated Date: Fri, 09 Jan 2026 06:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਕੋਰ ਕਮੇਟੀ ਮੈਂਬਰ ਦਰਬਾਰਾ ਸਿੰਘ ਗੁਰੂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਗੁਰੂ ਸਹਿਬਾਨਾਂ ਬਾਰੇ ਕੀਤੀ ਭੱਦੀ ਟਿੱਪਣੀ ਦੇ ਵਿਰੋਧ ਵਿਚ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਚੈਲੰਜ ਕਰਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ 10 ਜਨਵਰੀ ਨੂੰ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਪੁਤਲੇ ਫ਼ੂਕੇ ਜਾਣਗੇ ਅਤੇ ਡਿਪਟੀ ਕਮਿਸ਼ਨਰ ਨੂੰ ਪੱਤਰ ਸੌਪ ਕੇ ਆਤਿਸ਼ੀ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਜਾਵੇਗੀ। ਰਾਜੂ ਖੰਨਾ ਨੇ ਕਿਹਾ ਕਿ ਆਤਿਸ਼ੀ ਦਾ ਬਿਆਨ ਆਮ ਆਦਮੀ ਪਾਰਟੀ ਦੀ ਮਾਨਸਿਕਤਾ ਨੂੰ ਜਾਹਿਰ ਕਰਦਾ ਹੈ। ਆਗੂਆਂ ਨੇ ਜ਼ਿਲੇ ਦੇ ਸਮੁੱਚੇ ਵਰਕਰਾਂ, ਆਗੂਆਂ, ਚੇਅਰਮੈਨਾਂ, ਇਸਤਰੀ ਅਕਾਲੀ ਦਲ ਦੀਆਂ ਬੀਬੀਆਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀ ਮੈਬਰਾ, ਯੂਥ ਅਕਾਲੀ ਦਲ ਦੇ ਨੌਜਵਾਨਾਂ, ਐਸਓਆਈ ਦੇ ਵਿਦਿਆਰਥੀਆਂ ਨੂੰ ਕੱਲ ਸਵੇਰੇ 10 ਵਜੇ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਦੇ ਦਫ਼ਤਰ ਅੱਗੇ ਵੱਡੀ ਗਿਣਤੀ ਵਿਚ ਪੁੱਜਣ ਦੀ ਅਪੀਲ ਕੀਤੀ ਤਾਂ ਜੋ ਆਤਿਸੀ ਤੇ ਭਗਵਾਨ ਮਾਨ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰਕੇ ਪ੍ਰਸ਼ਾਸਨ ਨੂੰ ਕਾਰਵਾਈ ਲਈ ਮਜਬੂਰ ਕੀਤਾ ਜਾਵੇ। ਇਸ ਧਰਨੇ ਨੂੰ ਕਾਮਯਾਬ ਕਰਨ ਲਈ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਹਲਕਾ ਬਸੀ ਪਠਾਣਾਂ, ਹਲਕਾ ਫਤਹਿਗੜ੍ਹ ਸਾਹਿਬ ਤੇ ਹਲਕਾ ਅਮਲੋਹ ਦੇ ਵਰਕਰਾਂ ਵੱਲੋਂ ਵਰਕਰਾਂ ਤੇ ਆਗੂਆਂ ਨਾਲ ਤਾਲਮੇਲ ਕਰਕੇ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਧਰਨੇ ਦੇ ਪ੍ਰਬੰਧਾਂ ਦਾ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਬਲਜੀਤ ਸਿੰਘ ਭੁੱਟਾ ਵੱਲੋਂ ਜਾਇਜ਼ਾ ਵੀ ਲਿਆ ਗਿਆ। ਇਸ ਮੌਕੇ ਸਰਬਜੀਤ ਸਿੰਘ ਦਘੇੜੀਆ, ਜਸਪ੍ਰੀਤ ਸਿੰਘ ਲੁਹਾਰ ਮਾਜਰਾ, ਗਗਨਦੀਪ ਸਿੰਘ ਨਡਿਆਲੀ ਵੀ ਮੌਜੂਦ ਸਨ।