ਹਰਮੀਤ ਸਿੰਘ ਪਠਾਣਮਾਜਰਾ ਦੀਆਂ ਵਧੀਆਂ ਮੁਸ਼ਕਿਲਾਂ: ਹੁਣ ਮਾਈਨਿੰਗ ਕੇਸ 'ਚ ਹੋਈ ਗ੍ਰਿਫ਼ਤਾਰੀ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਈਨਿੰਗ ਮਾਮਲੇ ਵਿੱਚ ਗ੍ਰਿਫ਼ਤਾਰੀ ਦਰਜ ਕਰ ਲਈ ਗਈ ਹੈ। ਜਾਂਚ ਨੂੰ ਅੱਗੇ ਵਧਾਉਣ ਲਈ ਪੁਲਿਸ ਆਉਣ ਵਾਲੇ ਦਿਨਾਂ ਵਿੱਚ ਅਦਾਲਤ ਤੋਂ ਪਠਾਣਮਾਜਰਾ ਦਾ ਪੁਲਿਸ ਰਿਮਾਂਡ ਵੀ ਮੰਗ ਸਕਦੀ ਹੈ।
Publish Date: Mon, 20 Apr 2026 01:01 PM (IST)
Updated Date: Mon, 20 Apr 2026 01:03 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ। ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀਆਂ ਕਾਨੂੰਨੀ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।
ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਪਹਿਲਾਂ ਹੀ ਬਠਿੰਡਾ ਜੇਲ੍ਹ ਵਿੱਚ ਬੰਦ ਪਠਾਣਮਾਜਰਾ ਨੂੰ ਅੱਜ ਸੋਮਵਾਰ ਨੂੰ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਥਾਣਾ ਜੁਲਕਾਂ ਵਿੱਚ ਦਰਜ ਮਾਈਨਿੰਗ ਦੇ ਇੱਕ ਪੁਰਾਣੇ ਕੇਸ ਵਿੱਚ ਆਤਮ-ਸਮਰਪਣ (ਸਰੰਡਰ) ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਰਸਮੀ ਗ੍ਰਿਫ਼ਤਾਰੀ ਪਾ ਲਈ ਹੈ।ਪਠਾਣਮਾਜਰਾ ਨੂੰ ਸਖ਼ਤ ਸੁਰੱਖਿਆ ਹੇਠ ਬਠਿੰਡਾ ਜੇਲ੍ਹ ਤੋਂ ਪਟਿਆਲਾ ਅਦਾਲਤ ਲਿਆਂਦਾ ਗਿਆ ਸੀ।
ਥਾਣਾ ਸਿਵਲ ਲਾਈਨ ਵਿਖੇ ਦਰਜ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਉਹ ਪਹਿਲਾਂ ਹੀ ਨਿਆਂਇਕ ਹਿਰਾਸਤ ਵਿੱਚ ਹਨ। ਹੁਣ ਥਾਣਾ ਜੁਲਕਾਂ ਦੇ ਮਾਈਨਿੰਗ ਕੇਸ ਵਿੱਚ ਵੀ ਉਨ੍ਹਾਂ ਦਾ ਨਾਮ ਸ਼ਾਮਲ ਹੋ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਈਨਿੰਗ ਮਾਮਲੇ ਵਿੱਚ ਗ੍ਰਿਫ਼ਤਾਰੀ ਦਰਜ ਕਰ ਲਈ ਗਈ ਹੈ। ਜਾਂਚ ਨੂੰ ਅੱਗੇ ਵਧਾਉਣ ਲਈ ਪੁਲਿਸ ਆਉਣ ਵਾਲੇ ਦਿਨਾਂ ਵਿੱਚ ਅਦਾਲਤ ਤੋਂ ਪਠਾਣਮਾਜਰਾ ਦਾ ਪੁਲਿਸ ਰਿਮਾਂਡ ਵੀ ਮੰਗ ਸਕਦੀ ਹੈ।
ਅਦਾਲਤੀ ਕਾਰਵਾਈ ਅਤੇ ਮਾਈਨਿੰਗ ਕੇਸ ਵਿੱਚ ਗ੍ਰਿਫ਼ਤਾਰੀ ਪਾਉਣ ਤੋਂ ਤੁਰੰਤ ਬਾਅਦ, ਪਠਾਣਮਾਜਰਾ ਨੂੰ ਦੁਬਾਰਾ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਵਿਰੁੱਧ ਚੱਲ ਰਹੇ ਇਨ੍ਹਾਂ ਗੰਭੀਰ ਮਾਮਲਿਆਂ ਕਾਰਨ ਸਿਆਸੀ ਹਲਕਿਆਂ ਵਿੱਚ ਵੀ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਪੁਲਿਸ ਮੁਤਾਬਕ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ ਤਾਂ ਜੋ ਮਾਈਨਿੰਗ ਕੇਸ ਨਾਲ ਜੁੜੇ ਹੋਰ ਤੱਥ ਸਾਹਮਣੇ ਆ ਸਕਣ।