‘ਆਪ’ ਸਰਕਾਰ ਨੇ ਲੋਕਤੰਤਰ ਦਾ ਕੀਤਾ ਕਤਲ : ਪੰਜੋਲੀ
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਤੰਤਰ ਦਾ ਕੀਤਾ ਕਤਲ : ਪੰਜੋਲੀ
Publish Date: Thu, 04 Dec 2025 04:38 PM (IST)
Updated Date: Thu, 04 Dec 2025 04:38 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਅਕਾਲੀ ਸਰਕਾਰਾਂ ਵਿਚ ਕਦੀ ਵੀ, ਕਿਸੇ ਵੀ ਚੋਣ ਵਿਚ, ਨਾ ਤਾਂ ਕਿਸੇ ਨੂੰ ਕਾਗਜ਼ ਭਰਨ ਤੋਂ ਰੋਕਿਆ ਗਿਆ, ਨਾ ਹੀ ਕਿਸੇ ਦੇ ਕਾਗਜ਼ ਰੱਦ ਕੀਤੇ ਗਏ ਅਤੇ ਨਾ ਹੀ ਕਿਸੇ ਨਾਲ ਧੱਕੇਸ਼ਾਹੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਲੋਕਤੰਤਰ ਖ਼ਤਮ ਕਰ ਦਿੱਤਾ ਗਿਆ ਤੇ ਪੁਲਿਸ ਤੰਤਰ ਸਥਾਪਤ ਕਰ ਦਿੱਤਾ ਗਿਆ ਹੈ। ਕਾਂਗਰਸ ਰਾਜ ਵਿਚ ਵੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਬਹੁਤ ਥਾਵਾ ’ਤੇ ਕਾਗਜ਼ ਵੀ ਨਹੀਂ ਸੀ ਭਰਨ ਦਿੱਤੇ ਅਤੇ ਜਿੱਥੇ ਭਰੇ ਵੀ ਗਏ ਉੱਥੇ ਵੀ ਬੇਬੁਨਿਆਦ ਇਲਜ਼ਾਮ ਲਗਾ ਕੇ ਰੱਦ ਕਰ ਦਿੱਤੇ ਗਏ ਸਨ ਅਤੇ ਵੋਟਾਂ ਪਾਉਣ ਵੇਲੇ ਕਾਂਗਰਸ ਰਾਜ ਵਿਚ ਵੀ ਧੱਕੇਸ਼ਾਹੀ ਹੁੰਦੀ ਰਹੀ ਹੈ। ਅੱਜ ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਜਿੰਨੀ ਧੱਕੇਸ਼ਾਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਇਹ ਨੰਗੀ ਚਿੱਟੀ ਗੁੰਡਾਗਰਦੀ ਹੈ। ਇਸ ਦਾ ਚੋਣ ਕਮਿਸ਼ਨ ਨੁੰ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ। ਡੀਡੀਪੀਓ, ਬੀਡੀਪੀਓ ਅਤੇ ਪੰਜਾਬ ਪੁਲਿਸ ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਬਣਕੇ ਕੰਮ ਕਰ ਰਹੇ ਹਨ, ਇਨ੍ਹਾਂ ਅਧਿਕਾਰੀਆਂ ਵਿਰੁੱਧ ਵੀ ਚੋਣ ਕਮਿਸ਼ਨ ਨੁੰ ਤਰੰਤ ਕਾਰਵਾਈ ਕਰਨੀ ਚਾਹੀਦੀ ਹੈ। ਪੰਜਾਬੀਆਂ ਨੁੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾਭਾ, ਘਨੌਰ ਸਮੇਤ ਬਹੁਤ ਥਾਵਾ ’ਤੇ ਪੁਲਿਸ ਨੇ ਧੱਕੇਸ਼ਾਹੀ ਕੀਤੀ ਹੈ ਅਤੇ ਉਨ੍ਹਾਂ ਵੋਟਰਾਂ ਦਾ ਅਪਮਾਨ ਕੀਤਾ ਹੈ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣ ਲੜਣਾ ਚਾਹੁੰਦੇ ਸਨ। ਨਾਭੇ ਵਿਚ ਬੀਡੀਪੀਓ ਤਾਂ ਸ਼ਰੇਆਮ ਆਮ ਆਦਮੀ ਪਾਰਟੀ ਦੀ ਬੋਲੀ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤਾਂ, ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਲੋਕਤੰਤਰ ਦੀ ਬੁਨਿਆਦ ਹਨ ਜਿਨ੍ਹਾਂ ਨੂੰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਤਮ ਕਰ ਰਹੀ ਹੈ।