ਠੱਗੀ ਦਾ ਸ਼ਿਕਾਰ ਵਿਅਕਤੀ ਨੇ ਖ਼ੁਦਕੁਸ਼ੀ ਕੀਤੀ
ਠੱਗੀ ਦਾ ਸ਼ਿਕਾਰ ਵਿਅਕਤੀ ਨੇ ਖ਼ੁਦਕੁਸ਼ੀ ਕੀਤੀ
Publish Date: Mon, 09 Feb 2026 05:09 PM (IST)
Updated Date: Mon, 09 Feb 2026 05:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਹਿੱਸੇਦਾਰੀ ਵਿਚ ਧੋਖਾਧੜੀ ਤੋਂ ਦੁਖੀ ਹੋਏ ਵਿਅਕਤੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਸੂਚਨਾ ਹੈ। ਇਸ ਮਾਮਲੇ ’ਚ ਮੂਲੇਪੁਰ ਪੁਲਿਸ ਨੇ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਫਰਮ ਦਾ ਕੰਮ ਦੇਖਦੇ ਵਿਅਕਤੀ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੁਦਈ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਸੰਤ ਸਿੰਘ ਆੜ੍ਹਤ ਦਾ ਕੰਮ ਦੇਖਦਾ ਸੀ ਜਿਨ੍ਹਾਂ ਦੀ ਸਾਲ 1989 ਤੋਂ ਸਾਂਝੀ ਆੜ੍ਹਤ ਦੀ ਦੁਕਾਨ ਸੀ ਜਿਸ ਵਿਚ ਮੁਦੱਈ ਦਾ ਪਿਤਾ ਗੁਰਚਰਨ ਸਿੰਘ, ਚਾਚਾ ਹਰਚਰਨ ਸਿੰਘ ਅਤੇ ਚਾਚਾ ਜਸਵੀਰ ਸਿੰਘ ਬਰਾਬਰ ਦੇ ਹਿੱਸੇਦਾਰ ਸਨ। ਸਾਲ 2019/20 ਵਿਚ ਕੋਰੋਨਾ ਕਾਲ ਤੋਂ ਬਾਅਦ ਹਰਚਰਨ ਸਿੰਘ ਨੇ ਬਿਮਾਰ ਰਹਿਣ ਕਰਕੇ ਫ਼ਰਮ ਦੇ ਹਿਸਾਬ ਕਿਤਾਬ ਦਾ ਕੰਮ ਸੁਖ਼ਦਰਸ਼ਨ ਸਿੰਘ ਨੂੰ ਸੌਂਪ ਦਿੱਤਾ ਸੀ। ਜਦੋਂ ਸੁਖ਼ਦਰਸ਼ਨ ਸਿੰਘ ਤੋਂ ਹਿਸਾਬ ਮੰਗਿਆ ਤਾਂ ਉਸ ਨੇ ਅਤੇ ਉਸਦੇ ਮਾਮੇ ਨੇ ਉਨ੍ਹਾਂ ਨੂੰ ਮਾੜੇ ਬੋਲ ਬੋਲੇ। ਮੁਦੱਈ ਨੇ ਹਿਸਾਬ ਵਿਚ ਸੁਖਦਰਸ਼ਨ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਉਪਰ ਕਥਿਤ ਤੌਰ ਤੇ 2 ਤੋਂ 2.5 ਕਰੋੜ ਰੁਪਏ ਦਾ ਘਪਲਾ ਕਰਕੇ ਠੱਗੀ ਮਾਰਨ ਦਾ ਇਲਜ਼ਾਮ ਲਗਾਇਆ ਹੈ। ਸ਼ਿਕਾਇਤ ਮੁਤਾਬਕ ਦੁਖੀ ਹੋ ਕੇ ਮੁੱਦਈ ਦੇ ਭਰਾ ਸੰਤ ਸਿੰਘ ਨੇ ਮਿਤੀ 7 ਫਰਵਰੀ ਨੂੰ ਜਖਵਾਲੀ ਅੱਡੇ ਵਿਖੇ ਸਲਫ਼ਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਇਸ ਮਾਮਲੇ ਵਿਚ ਸੁਖਦਰਸ਼ਨ ਸਿੰਘ, ਉਸ ਦੀ ਮਾਤਾ ਹਰਪ੍ਰੀਤ ਕੌਰ, ਪਤਨੀ ਰਾਜਵੰਤ ਕੌਰ ਅਤੇ ਮਾਮਾ ਭੁਪਿੰਦਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।