ਸ਼ਹੀਦੀ ਦਿਵਸ ਨੂੰ ਸਮਰਪਿਤ ਪੈਦਲ ਮਾਰਚ ਕੱਢਿਆ
ਨੌਲੱਖਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਪੈਦਲ ਮਾਰਚ ਕੱਢਿਆ ਗਿਆ
Publish Date: Mon, 24 Nov 2025 06:26 PM (IST)
Updated Date: Mon, 24 Nov 2025 06:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਪਬਲਿਕ ਸਕੂਲ ਨੌਲੱਖਾ ਸਾਹਿਬ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਸਕੂਲ ਮੈਨੇਜਮੈਂਟ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ’ਚੋਂ ਪੈਦਲ ਮਾਰਚ ਕੱਢਿਆ ਗਿਆ। ਸਵੇਰੇ ਸਕੂਲ ਵਿਚ ਨੌਵੇਂ ਮਹੱਲੇ ਦੇ ਸਲੋਕਾਂ ਦੇ ਪਾਠ ਸਾਰੇ ਸਟਾਫ ਅਤੇ ਸਕੂਲ ਦੇ ਬੱਚਿਆਂ ਵੱਲੋਂ ਮਿਲ ਕੇ ਕੀਤੇ ਗਏ। ਭੋਗ ਉਪਰੰਤ ਅਰਦਾਸ ਹੋਣ ਤੋਂ ਬਾਅਦ ਵਿਦਿਆਰਥੀ ਤੇ ਅਧਿਆਪਕ ਪੈਦਲ ਮਾਰਚ ਵਿਚ ਸ਼ਾਮਲ ਹੋਏ। ਇਹ ਪੈਦਲ ਮਾਰਚ ਸਕੂਲ ਤੋਂ ਸ਼ੁਰੂ ਕੀਤਾ ਗਿਆ ਤੇ ਪਿੰਡ ਨੌ ਲੱਖਾ ਸਾਹਿਬ ਦਾ ਪੂਰਾ ਚੱਕਰ ਲਗਾਉਂਦੇ ਹੋਏ ਸਕੂਲ ਵਿਚ ਹੀ ਸਮਾਪਤ ਕੀਤਾ ਗਿਆ, ਜਿਸ ਦੌਰਾਨ ਵਿਦਿਆਰਥੀ ਚਿੱਟੇ ਤੇ ਕੇਸਰੀ ਰੰਗ ਵਿਚ ਸਜੇ ਹੋਏ ਗੁਰੂ ਜੀ ਦੀ ਬਾਣੀ ਦਾ ਪਾਠ ਕਰਦੇ ਜਾ ਰਹੇ ਸੀ। ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਅਤੇ ਪੰਚਾਇਤ ਮੈਂਬਰਾਂ ਵੱਲੋਂ ਪੈਦਲ ਮਾਰਚ ਦਾ ਨਿੱਘਾ ਸਵਾਗਤ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਹਰਵਿੰਦਰ ਕੌਰ ਨੂੰ ਸਿਰੋਪਾਉ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਸਕੂਲ ਦੇ ਪ੍ਰਿੰਸੀਪਲ ਹਰਵਿੰਦਰ ਕੌਰ ਨੇ ਪੰਚਾਇਤ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਇਸ ਪੈਦਲ ਮਾਰਚ ਰਾਹੀਂ ਗੁਰੂ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹੋਏ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਏ ਹਾਂ। ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਚੈਰੀਟੇਬਲ ਐਜੂਕੇਸ਼ਨਲ ਐਂਡ ਸੋਸ਼ਲ ਟਰੱਸਟ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਜੀ ਲਿਬੜਾ ਅਤੇ ਆਨਰੇਰੀ ਸਕੱਤਰ ਡਾਕਟਰ ਗੁਰਮੋਹਨ ਸਿੰਘ ਵਾਲੀਆ ਜੀ ਨੇ ਕਿਹਾ ਕਿ ਸ਼ਹੀਦੀ ਨੂੰ ਸਮਰਪਿਤ ਪੈਦਲ ਮਾਰਚ ਵਿਦਿਆਰਥੀਆਂ ਵੱਲੋਂ ਸਰੀਰਕ ਅਤੇ ਮਾਨਸਿਕ ਰੂਪ ਤੋਂ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।