ਦਿੜ੍ਹਬਾ ’ਚ 100 ਫੁੱਟ ਉੱਚਾ ਤਿਰੰਗਾ ਝੰਡਾ ਲਹਿਰਾਇਆ
ਦਿੜ੍ਹਬਾ ’ਚ 100 ਫੁੱਟ ਉੱਚਾ ਤਿਰੰਗਾ ਝੰਡਾ ਲਹਿਰਾਇਆ
Publish Date: Tue, 27 Jan 2026 05:06 PM (IST)
Updated Date: Tue, 27 Jan 2026 05:07 PM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ ਸਬ ਡਵੀਜ਼ਨਲ ਦਿੜ੍ਹਬਾ ਅੰਦਰ 100 ਫੁੱਟ ਉੱਚਾ ਤਿਰੰਗਾ ਝੰਡਾ ਲਹਿਰਾਉਣ ਦਾ ਉਦਘਾਟਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਕਰਕਮਲਾਂ ਨਾਲ ਕੀਤਾ। ਉਨ੍ਹਾਂ ਕਿਹਾ ਕਿ 100 ਫੁੱਟ ਉੱਚਾ ਝੰਡਾ ਕਿਸੇ ਵੀ ਸਬ-ਡਵੀਜ਼ਨ ਦੀ ਇਮਾਰਤ ਅੱਗੇ ਪੰਜਾਬ ਅੰਦਰ ਪਹਿਲੀ ਵਾਰ ਦਿੜ੍ਹਬਾ ਸ਼ਹਿਰ ਅੰਦਰ ਲਗਾਇਆ ਗਿਆ ਹੈ। ਇਹ ਝੰਡਾ ਲਗਾਉਣ ਨਾਲ ਦਿੜ੍ਹਬਾ ਸ਼ਹਿਰ ਨੂੰ ਇੱਕ ਵੱਖਰੀ ਪਛਾਣ ਮਿਲ ਗਈ ਹੈ, ਜਿਸ ਨਾਲ ਸਬ-ਡਵੀਜ਼ਨਲ ਪ੍ਰਬੰਧਕੀ ਕੰਪਲੈਕਸ ਦੀ ਸ਼ਾਨ ਬਣੇਗੀ। ਉਨ੍ਹਾਂ ਕਿਹਾ ਕਿ ਇਹ ਝੰਡਾ 25 ਲੱਖ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਹੈ ਜਿਹੜਾ ਕਿ ਇੱਕ ਨਿਵੇਕਲਾ ਕਦਮ ਹੈ। ਤਿਰੰਗਾ ਝੰਡਾ ਲਹਿਰਾਉਣਾ ਆਉਣ ਵਾਲੇ ਸਮੇਂ ਲਈ ਇਤਿਹਾਸ ਦਾ ਹੀ ਪ੍ਰਤੀਕ ਹੈ। 77ਵੇਂ ਗਣਤੰਤਰ ਦਿਵਸ ਦੀ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਤਿਰੰਗਾ ਝੰਡਾ ਸਾਡੇ ਦੇਸ਼ ਭਗਤਾਂ ਵੱਲੋਂ ਕੁਰਬਾਨੀਆਂ ਅਤੇ ਸ਼ਹਾਦਤਾਂ ਦੇ ਕੇ ਪ੍ਰਾਪਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਰੱਚ ਕੇ ਸਾਨੂੰ ਬਰਾਬਰਤਾ ਦੇ ਅਧਿਕਾਰ ਦਿੱਤੇ ਹਨ। ਇਹ ਤਿਰੰਗਾ ਝੰਡਾ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਪ੍ਰਤੀਕ ਹੈ, ਜੋ ਸਾਨੂੰ ਹਮੇਸ਼ਾ ਹੀ ਕੁਰਬਾਨੀ ਅਤੇ ਦੇਸ਼ ਪਿਆਰ ਦਾ ਜਜ਼ਬਾ ਪੈਦਾ ਕਰਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਐਸਡੀਐਮ ਦਿੜ੍ਹਬਾ ਰਾਜੇਸ਼ ਸ਼ਰਮਾ, ਅਗਰ ਪੰਚਾਇਤ ਡੱਬਾ ਦੇ ਪ੍ਰਧਾਨ ਅਮਰਿੰਦਰ ਸਿੰਘ ਘੁਮਾਣ ਅਤੇ ਸਮੂਹ ਪੰਚਾਇਤਾਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਸਬ-ਡਵੀਜ਼ਨਲ ਦਿੜ੍ਹਬਾ ਨੂੰ ਇੱਕ ਨਵੀਂ ਪਛਾਣ ਦਿੱਤੀ ਹੈ ਅਤੇ ਉਨ੍ਹਾਂ ਦੀ ਹੀ ਮੰਗ ’ਤੇ 100 ਫੁੱਟ ਉੱਚਾ ਤਿਰੰਗਾ ਝੰਡਾ ਲਾ ਕੇ ਇੱਕ ਵਿਲੱਖਣ ਕੰਮ ਕੀਤਾ ਹੈ ਹੈ। ਉਹ ਹਮੇਸ਼ਾ ਹੀ ਵਿੱਤ ਮੰਤਰੀ ਪਾਲ ਸਿੰਘ ਚੀਮਾ ਦੇ ਉਭਾਰੀ ਰਹਿਣਗੇ ਕਿਉਂਕਿ ਇਸ ਝੰਡੇ ਨੂੰ ਦੇਖ ਕੇ ਆਮ ਨਾਗਰਿਕਾਂ ਦੇ ਅੰਦਰ ਦੇਸ਼ ਦਾ ਪਿਆਰ ਅਤੇ ਜਜ਼ਬਾ ਪੈਦਾ ਹੁੰਦਾ ਰਹੇਗਾ ਅਤੇ ਇਸ ਨਾਲ ਦਿੜ੍ਹਬਾ ਸ਼ਹਿਰ ਨੂੰ ਇੱਕ ਵੱਖਰੀ ਇਤਿਹਾਸਿਕ ਪਛਾਣ ਮਿਲੀ ਹੈ। ਇਸ ਮੌਕੇ ਚੀਮਾ ਦੇ ਓਐਸਡੀ ਤਪਿੰਦਰ ਸਿੰਘ ਸੋਹੀ, ਐਸਡੀਓ ਪੀਡਬਲਯੂਡੀ ਦਿਲਜੀਤ ਸਿੰਘ, ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਹਾਜ਼ਰ ਸਨ।