ਕਸਬਾ ਦੇਵੀਗਡ਼੍ਹ ’ਚ ਆਵਾਜਾਈ ਕੰਟਰੋਲ ਤੋਂ ਹੋਈ ਬਾਹਰ
ਕਸਬਾ ਦੇਵੀਗਡ਼੍ਹ ‘ਚ ਆਵਾਜਾਈ ਕੰਟਰੋਲ ਤੋਂ ਹੋਈ ਬਾਹਰ
Publish Date: Wed, 31 Dec 2025 04:25 PM (IST)
Updated Date: Wed, 31 Dec 2025 04:29 PM (IST)
ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਜਿੱਥੇ ਅੱਜ ਕੱਲ੍ਹ ਵੱਡੇ ਵੱਡੇ ਸ਼ਹਿਰਾਂ ਵਿਚ ਆਵਾਜਾਈ ਦਾ ਬੁਰਾ ਹਾਲ ਹੈ, ਉੱਥੇ ਹੀ ਕਸਬਾ ਦੇਵੀਗਡ਼੍ਹ, ਭੁਨਰਹੇਡ਼ੀ ਤੇ ਬਲਬੇਡ਼ਾ ਵਿਖੇ ਵੀ ਆਵਾਜਾਈ ਵੱਸ ਤੋਂ ਬਾਹਰ ਹੋ ਗਈ ਹੈ। ਕਸਬਾ ਦੇਵੀਗਡ਼੍ਹ ਵਿਚ ਦੁਪਹਿਰੇ ਤੇ ਸ਼ਾਮ ਨੂੰ ਬਾਜ਼ਾਰਾਂ ਵਿਚ ਆਵਾਜਾਈ ਦਾ ਤਾਂਤਾ ਲੱਗ ਜਾਂਦਾ ਹੈ। ਲੋਕ ਆਪਣੀਆਂ ਕਾਰਾਂ ਅਤੇ ਮੋਟਰਸਾਈਕਲ ਸਡ਼ਕ ਉਪਰ ਹੀ ਖਡ਼੍ਹਾ ਕੇ ਦੁਕਾਨਾਂ ਵਿੱਚ ਵਡ਼ ਜਾਂਦੇ ਹਨ, ਜਿਸ ਕਰਕੇ ਸਡ਼ਕ ਦੇ ਦੋਵਾਂ ਪਾਸੇ ਸਡ਼ਕ ਰੁਕੀ ਹੋਣ ਕਰਕੇ ਆਵਾਜਾਈ ਵਿਚ ਵਿਘਨ ਪੈ ਜਾਂਦਾ ਹੈ। ਕਸਬਾ ਭੁਨਰਹੇਡ਼ੀ, ਬਲਬੇਡ਼ਾ, ਬਹਾਦਰਗਡ਼੍ਹ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਹਾਲ ਹੈ। ਇਸ ਆਵਾਜਾਈ ਨੂੰ ਦਰੁਸਤ ਕਰਨ ਵਾਲੀ ਟ੍ਰੈਫਿਕ ਪੁਲੀਸ ਲੋਡ਼ ਵੇਲੇ ਕਿਸੇ ਨੂੰ ਕਿਤੇ ਦਿਖਦੀ ਹੀ ਨਹੀਂ, ਜੋ ਮੁਲਾਜ਼ਮ ਡਿਊਟੀ ਤੇ ਹੁੰਦੇ ਹਨ ਉਹ ਜਾਂ ਤਾਂ ਦੁਕਾਨਾ ਵਿੱਚ ਬੈਠੇ ਹੁੰਦੇ ਹਨ ਜਾਂ ਫਿਰ ਕਿਤੇ ਦਿਖਦੇ ਹੀ ਨਹੀਂ। ਉਹਨਾਂ ਨੂੰ ਜਿੰਨਾ ਧਿਆਨ ਆਵਾਜਾਈ ਦਾ ਰੱਖਣਾ ਚਾਹੀਦਾ ਹੈ, ਉਨ੍ਹਾਂ ਨਹੀਂ ਰਖਿਆ ਜਾਂਦਾ। ਇਸ ਕਰਕੇ ਹੀ ਇਨ੍ਹਾਂ ਕਸਬਿਆਂ ਵਿੱਚ ਆਵਾਜਾਈ ਦਾ ਬੁਰਾ ਹਾਲ ਹੋਇਆ ਪਿਆ ਹੈ। ਇਸ ਪਾਸੇ ਕੋਈ ਉੱਚ ਅਧਿਕਾਰੀ ਵੀ ਧਿਆਨ ਨਹੀਂ ਦੇ ਰਿਹਾ। ਇਨ੍ਹਾਂ ਕਸਬਿਆਂ ਦੇ ਲੋਕਾਂ ਦੀ ਮੰਗ ਹੈ ਕਿ ਆਵਾਜਾਈ ਦੀ ਵਿਗਡ਼੍ਹ ਰਹੀ ਸਥਿਤੀ ਨੂੰ ਸੁਧਾਰਿਆ ਜਾਵੇ, ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।