ਸਿਹਤ ਭਾਗ ਵਿੱਚ ਜਾਰੀ ਹੋਈਆਂ ਭਰਤੀ ਵਿੱਚ ਅਪਲਾਈ ਕਰਨ ਦੀ ਮੰਗ ਕਰਦੇ ਬੇਰੁਜ਼ਗਾਰਾਂ ਨੇ ਅੱਜ ਅਚਾਨਕ ਦਿਨ ਚੜਦੇ ਸਾਰ ਹੀ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਕੋਠੀ ਦੇ ਬਿਲਕੁਲ ਨਜ਼ਦੀਕ ਸਥਾਨਕ ਪਾਸੀ ਰੋਡ ਉੱਤੇ ਆਮ ਆਦਮੀ ਕਲੀਨਿਕ ਦੇ ਪਿਛਲੇ ਪਾਸੇ ਪਾਣੀ ਵਾਲੀ ਟੈਂਕੀ ਉੱਤੇ ਚੜ ਕੇ ਮੋਰਚਾ ਲਗਾ ਦਿੱਤਾ ਹੈ
ਪਰਗਟ ਸਿੰਘ, ਪੰਜਾਬੀ ਜਾਗਰਣ, ਪਟਿਆਲਾ : ਸਿਹਤ ਭਾਗ ਵਿੱਚ ਜਾਰੀ ਹੋਈਆਂ ਭਰਤੀ ਵਿੱਚ ਅਪਲਾਈ ਕਰਨ ਦੀ ਮੰਗ ਕਰਦੇ ਬੇਰੁਜ਼ਗਾਰਾਂ ਨੇ ਅੱਜ ਅਚਾਨਕ ਦਿਨ ਚੜਦੇ ਸਾਰ ਹੀ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਕੋਠੀ ਦੇ ਬਿਲਕੁਲ ਨਜ਼ਦੀਕ ਸਥਾਨਕ ਪਾਸੀ ਰੋਡ ਉੱਤੇ ਆਮ ਆਦਮੀ ਕਲੀਨਿਕ ਦੇ ਪਿਛਲੇ ਪਾਸੇ ਪਾਣੀ ਵਾਲੀ ਟੈਂਕੀ ਉੱਤੇ ਚੜ ਕੇ ਮੋਰਚਾ ਲਗਾ ਦਿੱਤਾ ਹੈ। ਉੱਪਰ ਚੜੇ ਦੋ ਬੇਰੁਜ਼ਗਾਰ ਮੱਖਣ ਸਿੰਘ ਚੀਮਾ ਮੰਡੀ ਅਤੇ ਹੀਰਾ ਲਾਲ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਵਿਭਾਗ ਵਿੱਚ ਜਾਰੀ ਹੋਈਆਂ ਪੋਸਟਾਂ ਵਿੱਚ ਉਨ੍ਹਾਂ ਨੂੰ ਅਨੇਕਾਂ ਵਾਰ ਵਾਅਦਾ ਕਰਨ ਦੇ ਬਾਵਜੂਦ ਵੀ ਉਮਰ ਹੱਦ ਛੋਟ ਨਹੀਂ ਦਿੱਤੀ ਗਈ। ਉਹਨਾਂ ਪੰਜਾਬ ਸਰਕਾਰ ਉੱਤੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖੜ ਪੁੰਨਿਆ ਮੌਕੇ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਅਤੇ ਹੋਰ ਅਨੇਕਾਂ ਥਾਵਾਂ ਤੇ ਬੇਰੁਜ਼ਗਾਰਾਂ ਨੂੰ ਭਰੋਸਾ ਦਿੱਤਾ ਸੀ ਕਿ ਜਿਹੜੇ ਬੇਰੁਜ਼ਗਾਰ ਰੁਜ਼ਗਾਰ ਉਡੀਕਦੇ, ਧਰਨੇ ਲਾਉਂਦੇ ਓਵਰ ਏਜ ਹੋ ਚੁੱਕੇ ਹਨ, ਉਹਨਾਂ ਸਭਨਾਂ ਨੂੰ ਉਮਰ ਹੱਦ ਛੋਟ ਦੇ ਕੇ ਆਉਂਦੀਆਂ ਪੋਸਟਾਂ ਵਿੱਚ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ।
ਪ੍ਰੰਤੂ ਸਿਹਤ ਵਿਭਾਗ ਵਿੱਚ ਜਾਰੀ ਹੋਈਆਂ ਪੋਸਟਾਂ ਵਿੱਚ ਅਨੇਕਾਂ ਵਾਰ ਸਿਹਤ ਮੰਤਰੀ ਨਾਲ ਮੀਟਿੰਗ ਹੋਣ ਦੇ ਬਾਵਜੂਦ ਵੀ ਬੇਰਜ਼ਗਾਰਾਂ ਨੂੰ ਅਪਲਾਈ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਇਸ ਮੰਗ ਨੂੰ ਲੈ ਕੇ ਅੱਜ ਅਚਾਨਕ ਬੇਰੁਜ਼ਗਾਰ ਜਦੋਂ ਸਿਹਤ ਮੰਤਰੀ ਡਾਕਟਰ ਬਲਜੀਤ ਸਿੰਘ ਕੋਠੀ ਦਾ ਘਿਰਾਓ ਕਰਨ ਲਈ ਇਕੱਠੇ ਹੋ ਰਹੇ ਸਨ ਤਾਂ ਦੂਜੇ ਪਾਸੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ 270 ਪੋਸਟਾਂ ਲਈ ਲਿਖਤੀ ਪ੍ਰੀਖਿਆ ਦੇ ਰੋਲ ਨੰਬਰ ਅਪਲੋਡ ਕਰ ਦਿੱਤੇ ਗਏ ।ਰੋਸ ਵਿੱਚ ਆਏ ਦੋ ਬੇਰੁਜ਼ਗਾਰ ਸਥਾਨਕ ਟੈਂਕੀ ਉੱਪਰ ਚੜ ਗਏ। ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਪਿਛਲੀਆਂ ਸਰਕਾਰਾਂ ਮੌਕੇ ਓਵਰ ਏਜ ਹੋ ਚੁੱਕੇ ਬੇਰੁਜ਼ਗਾਰਾਂ ਨੂੰ ਅਪਲਾਈ ਕਰਨ ਦੇ ਭਰੋਸੇ ਦਿੰਦੀ ਰਹੀ ਜਦਕਿ ਆਮ ਆਦਮੀ ਪਾਰਟੀ ਦੇ ਚਾਰ ਸਾਲਾਂ ਦੇ ਦੌਰਾਨ ਓਵਰ ਹੋ ਚੁੱਕੇ ਬੇਰੁਜ਼ਗਾਰਾਂ ਨੂੰ ਵੀ ਮੌਕਾ ਨਹੀਂ ਦਿੱਤਾ।ਉਹਨਾਂ ਕਿਹਾ ਕਿ ਪੰਜਾਬ ਦੀ ਸਿਹਤ ਵਿਭਾਗ ਵੱਲੋਂ ਜਾਰੀ ਹੋਈਆਂ 270 ਪੋਸਟਾਂ ਲਈ ਮਹਿਜ਼ 350 ਉਮੀਦਵਾਰ ਹੀ ਉਮਰ ਸੀਮਾ ਪੂਰੀ ਕਰਦੇ ਹਨ ।ਅੰਦਾਜਨ 2200 ਵਿੱਚੋਂ ਬਾਕੀ 1850 ਦੇ ਕਰੀਬ ਬੇਰੁਜ਼ਗਾਰ ਓਵਰ ਏਜ਼ ਹੋ ਚੁੱਕੇ ਹਨ।
ਇਸ ਮੰਗ ਨੂੰ ਲੈ ਕੇ ਬੇਰੁਜ਼ਗਾਰ ਸਥਾਨਕ ਆਮ ਆਦਮੀ ਕਲੀਨਿਕ ਦੇ ਗੇਟ ਉੱਤੇ ਧਰਨੇ ਉੱਤੇ ਬੈਠੇ ਹਨ। ਉਹਨਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਬੇਰੁਜ਼ਗਾਰਾਂ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ।ਉੱਧਰ ਟੈਂਕੀ ਉੱਤੇ ਬੈਠੇ ਬੇਰੁਜ਼ਗਾਰਾਂ ਨੇ ਆਪਣੀ ਵੀਡਿਉ ਜਾਰੀ ਕਰਕੇ ਮੰਗ ਨਾ ਮੰਨੇ ਜਾਣ ਦੀ ਸੂਰਤ ਵਿੱਚ ਆਤਮ ਦਾਹ ਦੀ ਚਿਤਾਵਨੀ ਦਿੱਤੀ ਹੈ।