ਪਿੰਡ ਲੰਜਾ ਨੇੜੇ ਤੂੜੀ ਨਾਲ ਭਰਿਆ ਓਵਰਲੋਡ ਟਰੈਕਟਰ-ਟਰਾਲਾ ਪਲਟਿਆ
ਪਿੰਡ ਲੰਜਾ ਨੇੜੇ ਤੂੜੀ ਨਾਲ ਭਰਿਆ ਓਵਰਲੋਡ ਟਰੈਕਟਰ-ਟਰਾਲਾ ਪਲਟਿਆ
Publish Date: Fri, 30 Jan 2026 07:03 PM (IST)
Updated Date: Fri, 30 Jan 2026 07:07 PM (IST)

ਫੋਟੋ 30ਪੀਟੀਐਲ: 47 ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਪਿੰਡ ਲੰਜਾ ਨੇੜੇ ਤੂੜੀ ਨਾਲ ਭਰੀ ਇਕ ਓਵਰਲੋਡ ਟਰੈਕਟਰ-ਟਰਾਲਾ ਰਾਤ ਕਰੀਬ ਤਿੰਨ ਵਜੇ ਅਚਾਨਕ ਅਸੰਤੁਲਿਤ ਹੋ ਕੇ ਪਲਟ ਗਿਆ, ਜਿਸ ਕਾਰਨ ਘਨੌਰ–ਪਟਿਆਲਾ ਮੁੱਖ ਸੜਕ ’ਤੇ ਭਿਆਨਕ ਟਰੈਫਿਕ ਜਾਮ ਲੱਗ ਗਿਆ। ਹਾਦਸੇ ਤੋਂ ਬਾਅਦ ਸੜਕ ਦੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਰਾਹਗੀਰਾਂ, ਡਰਾਈਵਰਾਂ ਤੇ ਯਾਤਰੀਆਂ ਨੂੰ ਘੰਟਿਆਂ ਤੱਕ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਟਰੈਫਿਕ ਜਾਮ ਕਾਰਨ ਸਰਕਾਰੀ ਤੇ ਨਿੱਜੀ ਬੱਸਾਂ ਦੀ ਆਵਾਜਾਈ ਵੀ ਕਾਫੀ ਸਮੇਂ ਲਈ ਠੱਪ ਰਹੀ। ਕਈ ਯਾਤਰੀ ਬੱਸਾਂ ਅਤੇ ਨਿੱਜੀ ਵਾਹਨਾਂ ਵਿਚ ਫਸੇ ਰਹੇ, ਜਦਕਿ ਐਂਬੂਲੈਂਸ ਅਤੇ ਹੋਰ ਐਮਰਜੈਂਸੀ ਵਾਹਨਾਂ ਨੂੰ ਵੀ ਰਸਤਾ ਮਿਲਣ ਵਿੱਚ ਭਾਰੀ ਦਿੱਕਤ ਆਈ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਘਨੌਰ ਟਰੈਫਿਕ ਪੁਲਿਸ ਦਾ ਕੇਂਦਰ ਨਰਵਾਣਾ ਬ੍ਰਾਂਚ ਨਹਿਰ ਨੇੜੇ ਬਣਿਆ ਹੋਇਆ ਹੈ, ਪਰ ਇਸ ਦੇ ਬਾਵਜੂਦ ਭਾਰੀ ਤੇ ਓਵਰਲੋਡ ਵਾਹਨਾਂ ਖ਼ਿਲਾਫ਼ ਕੋਈ ਢੁੱਕਵੀ ਕਾਰਵਾਈ ਨਹੀਂ ਕੀਤੀ ਜਾਂਦੀ। ਟੋਲ ਪਲਾਜ਼ਾ ਤੋਂ ਬਚਣ ਦੇ ਚੱਕਰ ਵਿੱਚ ਬਾਹਰੀ ਰਾਜਾਂ ਦੇ ਟਰੱਕ, ਗੈਸ ਵਾਲੇ ਵਾਹਨ ਅਤੇ ਹੋਰ ਭਾਰੀ ਵਾਹਨ ਅਕਸਰ ਘਨੌਰ–ਸਰਾਲਾ–ਲੋਹਸਿੰਬਲੀ ਰਾਹੀਂ ਲੰਘ ਕੇ ਹਰਿਆਣਾ ਵਿੱਚ ਦਾਖਲ ਹੁੰਦੇ ਹਨ, ਜਿਸ ਨਾਲ ਹਾਦਸਿਆਂ ਤੇ ਟਰੈਫਿਕ ਜਾਮ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਅਤੇ ਟਰੈਫਿਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਓਵਰਲੋਡ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਬਾਹਰੀ ਭਾਰੀ ਵਾਹਨਾਂ ਦੀ ਰਾਤੀ ਚੈਕਿੰਗ ਯਕੀਨੀ ਬਣਾਈ ਜਾਵੇ ਅਤੇ ਟੋਲ ਬਚਾਉਣ ਲਈ ਵਰਤੇ ਜਾਂਦੇ ਰਾਹਾਂ ’ਤੇ ਪੱਕੀ ਨਾਕਾਬੰਦੀ ਲਗਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਰ-ਵਾਰ ਵਾਪਰਦੀਆਂ ਰਹਿਣਗੀਆਂ।ਇਸ ਸਬੰਧੀ ਟਰੈਫਿਕ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਵੱਡੇ ਤੇ ਭਾਰੀ ਵਾਹਨ ਅਕਸਰ ਦੇਰ ਰਾਤ ਲੰਘਦੇ ਹਨ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲਿਸ ਦੀ ਡਿਊਟੀ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਹੈ।