ਪ੍ਰੋ. ਨਰਿੰਦਰ ਸਿੰਘ ਕਪੂਰ ਨੇ ਕਿਹਾ ਕਿ ਅਜੋਕੇ ਯੁੱਗ ਵਿਚ ਸਾਹਿਤ ਸਿਰਜਣਾ ਲਈ ਭਾਵਨਾਵਾਂ ਦੇ ਪ੍ਰਗਟਾਵੇ ਤੋਂ ਅਹਿਮ ਸੰਸਾਰ ਪੱਧਰ ਉੱਤੇ ਜੋ ਕੁੱਝ ਵਾਪਰ ਰਿਹੈ ਉਸ ਨੂੰ ਜਾਣਨਾ ਤੇ ਸਮਝਣਾ ਚਾਹੀਦਾ ਹੈ, ਜਿਸ ਸਦਕਾ ਹਰ ਭਾਸ਼ਾ ਦਾ ਸਾਹਿਤ ਆਲਮੀ ਮਿਆਰ ਦਾ ਬਣ ਸਕਦਾ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਪੰਜਾਬ ਸਰਕਾਰ ਦੀ ਅਗਵਾਈ ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਏ ਗਏ ਪੰਜਾਬੀ ਮਾਹ-2025 ਦਾ ਵਿਦਾਇਗੀ ਸਮਾਰੋਹ ਸ਼ੁੱਕਰਵਾਰ ਨੂੰ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਕਾਲੀਦਾਸ ਆਡੀਟੋਰੀਅਮ ਵਿਚ ਕਰਵਾਇਆ ਗਿਆ। ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿਚ ਹੋਏ ਸਮਾਗਮ ਦੌਰਾਨ ਸ਼੍ਰੋਮਣੀ ਹਿੰਦੀ ਸਾਹਿਤਕਾਰ ਮਾਧਵ ਕੌਸ਼ਿਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਪ੍ਰੋ. ਨਰਿੰਦਰ ਸਿੰਘ ਕਪੂਰ ਨੇ ਕੀਤੀ। ਇਸ ਮੌਕੇ ਹਿੰਦੀ ਤੇ ਉਰਦੂ ਦੇ ਸਰਬੋਤਮ ਪੁਸਤਕ ਪੁਰਸਕਾਰ ਵੀ ਭੇਟ ਕੀਤੇ ਗਏ। ਇਸ ਸਮਾਗਮ ਦੌਰਾਨ ਉੱਘੇ ਗਾਇਕ ਸੁਨੀਲ ਡੋਗਰਾ ਨੇ ਸਾਹਿਤਕ ਗਾਇਕੀ ਦੀਆਂ ਪੇਸ਼ਕਾਰੀਆਂ ਨਾਲ ਰੰਗ ਬੰਨ੍ਹਿਆ। ਇਸ ਮੌਕੇ ਕਿਤਾਬ ਮੇਲਾ ਵੀ ਲਗਾਇਆ ਗਿਆ।
ਇਸ ਮੌਕੇ ਸਵਾਗਤੀ ਭਾਸ਼ਣ ਵਿਚ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਹਰ ਭਾਸ਼ਾ ਸੰਚਾਰ ਦਾ ਸਾਧਨ ਹੁੰਦੀ ਹੈ, ਜਿਸ ਕਰ ਕੇ ਭਾਸ਼ਾਵਾਂ ਦਾ ਕੋਈ ਆਪਸੀ ਵਿਰੋਧ ਤੇ ਟਕਰਾਅ ਨਹੀਂ ਹੁੰਦਾ ਸਗੋਂ ਭਾਸ਼ਾਵਾਂ ਦਾ ਆਪਸੀ ਸਹਿਯੋਗ ਤੇ ਸਹਿਹੋਂਦ ਹੁੰਦੀ ਹੈ। ਇਸ ਧਾਰਨਾ ਤੇ ਚਲਦਿਆਂ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ ਦੀ ਸ਼ੁਰੂਆਤ ਪੰਜਾਬੀ ਭਾਸ਼ਾ ਦੇ ਪੁਰਸਕਾਰਾਂ ਦੀ ਵੰਡ ਨਾਲ ਕੀਤੀ ਜਾਂਦੀ ਹੈ ਤੇ ਸਮਾਪਤੀ ਹੋਰਨਾਂ ਭਾਸ਼ਾਵਾਂ ਦੇ ਸਾਹਿਤਕਾਰਾਂ ਨੂੰ ਦਿੱਤੇ ਜਾਣ ਵਾਲੇ ਇਨਾਮਾਂ ਨਾਲ ਕੀਤੀ ਜਾਂਦੀ ਹੈ।
ਪ੍ਰੋ. ਨਰਿੰਦਰ ਸਿੰਘ ਕਪੂਰ ਨੇ ਕਿਹਾ ਕਿ ਅਜੋਕੇ ਯੁੱਗ ਵਿਚ ਸਾਹਿਤ ਸਿਰਜਣਾ ਲਈ ਭਾਵਨਾਵਾਂ ਦੇ ਪ੍ਰਗਟਾਵੇ ਤੋਂ ਅਹਿਮ ਸੰਸਾਰ ਪੱਧਰ ਉੱਤੇ ਜੋ ਕੁੱਝ ਵਾਪਰ ਰਿਹੈ ਉਸ ਨੂੰ ਜਾਣਨਾ ਤੇ ਸਮਝਣਾ ਚਾਹੀਦਾ ਹੈ, ਜਿਸ ਸਦਕਾ ਹਰ ਭਾਸ਼ਾ ਦਾ ਸਾਹਿਤ ਆਲਮੀ ਮਿਆਰ ਦਾ ਬਣ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਗਿਆਨ ਦੇ ਯੁੱਗ ਵਿਚ ਸਾਹਿਤਕਾਰਾਂ ਨੂੰ ਨਵੇਂ ਤੇ ਸੰਸਾਰ ਵਿਆਪੀ ਅਨੁਭਵਾਂ ਤੇ ਅਧਾਰਤ ਸਾਹਿਤ ਦੀ ਰਚਨਾ ਕਰਨੀ ਚਾਹੀਦੀ ਹੈ। ਉਨ੍ਹਾਂ ਨਵੀਂ ਪੀੜ੍ਹੀ ਨੂੰ ਅਪੀਲ ਕੀਤੀ ਕਿ ਵਿਅਕਤੀ ਭਾਸ਼ਾ ਨੂੰ ਸਮਝਣਾ ਤੇ ਬੋਲਣਾ ਆਪਣੇ ਪਰਿਵਾਰ ਤੋਂ ਸਿੱਖਦਾ ਹੈ ਤੇ ਪੜ੍ਹਨਾ ਤੇ ਲਿਖਣਾ ਆਪਣੇ ਅਧਿਆਪਕਾਂ ਤੋਂ ਸਿੱਖਦਾ ਹੈ। ਮੁੱਖ ਮਹਿਮਾਨ ਡਾ. ਮਾਧਵ ਕੌਸ਼ਿਕ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਚਾਰ ਭਾਸ਼ਾਵਾਂ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਉਰਦੂ ਪ੍ਰਵਾਨ ਚੜ੍ਹੀਆਂ ਹਨ। ਜਿਸ ਕਰ ਕੇ ਬਾਹਰਲੇ ਲੋਕੀ ਇਸ ਨੂੰ ਵਡਭਾਗੀ ਧਰਤੀ ਮੰਨਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਆਪਣੀ ਅਮੀਰ ਵਿਰਾਸਤ ਨੂੰ ਨਜ਼ਰਅੰਦਾਜ਼ ਕਰ ਰਹੇ ਹਾਂ। ਸਮਾਗਮ ਦਾ ਮੰਚ ਸੰਚਾਲਨ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਵਿਭਾਗ ਦੀ ਸਰਵੇ ਪੁਸਤਕ ਬਹਾਦਰਗੜ੍ਹ, ਤਕਨੀਕੀ ਸ਼ਬਦਾਵਲੀਆਂ (ਸਾਹਿਤ ਤੇ ਸੱਭਿਆਚਾਰਕ ਮਾਨਵ ਵਿਗਿਆਨ) ਤੇ ਅਧਾਰਤ ਦੋ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਸ਼੍ਰੋਮਣੀ ਆਲੋਚਕ ਪ੍ਰੋ. ਸੁਰਜੀਤ ਸਿੰਘ ਭੱਟੀ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਪ੍ਰਿੰਸੀਪਲ ਡੀ.ਪੀ. ਸਿੰਘ ਸੈਣੀ ਸ਼੍ਰੋਮਣੀ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ, ਡਾ. ਰਾਜਵੰਤ ਕੌਰ, ਵਿਭਾਗ ਦੇ ਸਾਬਕਾ ਅਧਿਕਾਰੀ ਸਤਨਾਮ ਸਿੰਘ ਤੇ ਧਰਮ ਕੰਮੇਆਣਾ, ਕਵੀ ਅਵਤਾਰਜੀਤ, ਨਵਦੀਪ ਸਿੰਘ ਮੁੰਡੀ, ਡਾ. ਲਕਸ਼ਮੀ ਨਰਾਇਣ ਭੀਖੀ, ਸਤਪਾਲ ਭੀਖੀ, ਇਕਬਾਲ ਸਰਪੰਚ, ਗੁਰਪ੍ਰੀਤ ਵਜੀਦਪੁਰ ਤੇ ਅਮਨਦੀਪ ਕਾਲਾਝਾੜ ਹਾਜ਼ਰ ਹੋਏ।