ਸ਼ੰਭੂ ਹਾਈਵੇ ਦੇ ਸਰਵਿਸ ਰੋਡ ਦੇ ਦੋਵੇਂ ਪਾਸੇ ਟਰੱਕਾਂ ਦੀ ਲੱਗੀਆਂ ਲੰਮੀਆਂ ਕਤਾਰਾਂ
ਸੰਭੂ ਹਾਈਵੇ ਦੇ ਸਰਵਿਸ ਰੋਡ ਦੇ ਦੋਵੇਂ ਪਾਸੇ‘ ਏਸੀਅਨ ਫਾਈਨ ਸੀਮਿੰਟ ਦੇ ਟਰੱਕਾਂ ਦੀ ਲੱਗੀਆਂ ਲੰਮੀਆਂ ਕਤਾਰਾਂ
Publish Date: Sun, 25 Jan 2026 04:56 PM (IST)
Updated Date: Sun, 25 Jan 2026 04:58 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਸ਼ੰਭੂ ਹਾਈਵੇ ’ਤੇ ਸਥਿਤ ਏਸ਼ੀਅਨ ਸੀਮਿੰਟ ਫੈਕਟਰੀ ਦੇ ਬਾਹਰ ਸਰਵਿਸ ਰੋਡ ਇਸ ਵੇਲੇ ਭਾਰੇ ਟਰੱਕਾਂ ਦੀ ਗੈਰਕਾਨੂੰਨੀ ਪਾਰਕਿੰਗ ਦਾ ਕੇਂਦਰ ਬਣਿਆ ਹੋਇਆ ਹੈ। ਲਗਭਗ ਇਕ ਤੋਂ ਡੇਢ ਕਿਲੋਮੀਟਰ ਤੱਕ ਦੋਵੇਂ ਪਾਸਿਆਂ ਖੜ੍ਹੇ ਟਰੱਕਾਂ ਨੇ ਨਾ ਸਿਰਫ਼ ਟ੍ਰੈਫਿਕ ਵਿਵਸਥਾ ਨੂੰ ਠੱਪ ਕਰ ਦਿੱਤਾ ਹੈ, ਸਗੋਂ ਰਾਹਗੀਰਾਂ ਲਈ ਜਾਨਲੇਵਾ ਖ਼ਤਰਾ ਵੀ ਪੈਦਾ ਕਰ ਦਿੱਤਾ ਹੈ। ਸੜਕ ਦੇ ਦੋਵੇਂ ਪਾਸਿਆਂ ਖੜ੍ਹੇ ਟਰੱਕਾਂ ਕਾਰਨ ਦਿਨ ਦੇ ਸਮੇਂ ਹੀ ਆਵਾਜਾਈ ਮੁਸ਼ਕਲ ਬਣੀ ਹੋਈ ਹੈ, ਜਦਕਿ ਧੁੰਦ ਜਾਂ ਰਾਤ ਦੇ ਸਮੇਂ ਹਾਲਾਤ ਹੋਰ ਵੀ ਭਿਆਨਕ ਹੋ ਜਾਂਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਪਰ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਟਰੱਕ ਡਰਾਈਵਰਾਂ ਨੇ ਆਪਣੀ ਮਜਬੂਰੀ ਦੱਸਦੇ ਹੋਏ ਕਿਹਾ ਕਿ ਫੈਕਟਰੀ ਅੰਦਰ ਪਾਰਕਿੰਗ ਦੀ ਢੁੱਕਵੀਂ ਵਿਵਸਥਾ ਨਾ ਹੋਣ ਕਾਰਨ ਉਨ੍ਹਾਂ ਨੂੰ ਸੜਕ ਕਿਨਾਰੇ ਟਰੱਕ ਖੜ੍ਹੇ ਕਰਨੇ ਪੈਂਦੇ ਹਨ। ਕਈ ਡਰਾਈਵਰਾਂ ਅਨੁਸਾਰ ਉਨ੍ਹਾਂ ਨੂੰ ਦੋ-ਦੋ ਦਿਨ ਤੱਕ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ, ਜਿਸ ਦੌਰਾਨ ਟਰੱਕ ਸਰਵਿਸ ਰੋਡ ‘ਤੇ ਹੀ ਖੜ੍ਹੇ ਰਹਿੰਦੇ ਹਨ।ਇਸ ਸਬੰਧੀ ਜਦੋਂ ਐਸ.ਐਚ.ਓ. ਸੰਭੂ ਸਵਰਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਗਲਤ ਪਾਰਕਿੰਗ ਸਬੰਧੀ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਕਾਰਵਾਈ ਕੀਤੀ ਜਾਵੇਗੀ ਅਤੇ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਪੁਲਿਸ ਪੂਰੀ ਸਖ਼ਤੀ ਵਰਤੇਗੀ। ਦੂਜੇ ਪਾਸੇ, ਏਸ਼ੀਅਨ ਸੀਮਿੰਟ ਸੰਭੂ ਫੈਕਟਰੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਫੈਕਟਰੀ ਅੰਦਰ ਪਾਰਕਿੰਗ ਲਈ ਵੱਖਰੀ ਸੜਕ ਦਾ ਨਿਰਮਾਣ ਜਾਰੀ ਹੈ ਅਤੇ ਜਲਦ ਹੀ ਇਸ ਸਮੱਸਿਆ ਦਾ ਸਥਾਈ ਹੱਲ ਕੱਢ ਲਿਆ ਜਾਵੇਗਾ। ਇਲਾਕਾ ਵਾਸੀਆਂ ਅਤੇ ਹਾਈਵੇ ਰਾਹਗੀਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਦ ਤੱਕ ਫੈਕਟਰੀ ਅੰਦਰ ਪਾਰਕਿੰਗ ਦੀ ਪੂਰੀ ਵਿਵਸਥਾ ਨਹੀਂ ਬਣਦੀ, ਤਦ ਤੱਕ ਹਾਈਵੇ ਅਤੇ ਸਰਵਿਸ ਰੋਡ ’ਤੇ ਟਰੱਕਾਂ ਦੀ ਪਾਰਕਿੰਗ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ, ਤਾਂ ਜੋ ਆਮ ਲੋਕਾਂ ਦੀ ਜਾਨ ਦੀ ਰੱਖਿਆ ਕੀਤੀ ਜਾ ਸਕੇ।