ਵਿਦਿਆਰਥੀਆਂ ਨੇ ਸਵਿੱਤਰੀਬਾਈ ਫੂਲੇ ਨੂੰ ਕੀਤਾ ਯਾਦ
ਵਿਦਿਆਰਥੀਆਂ ਨੇ ਸਵਿੱਤਰੀਬਾਈ ਫੂਲੇ ਜੀ ਨੂੰ ਕੀਤਾ ਯਾਦ
Publish Date: Sat, 03 Jan 2026 05:03 PM (IST)
Updated Date: Sat, 03 Jan 2026 05:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਚੱਲ ਰਹੀਆਂ ਸਰਦੀਆਂ ਦੀਆਂ ਛੁੱਟੀਆਂ ਅਤੇ ਸਕੂਲ ਬੰਦ ਹੋਣ ਦੇ ਬਾਵਜੂਦ, ਵਿਦਿਆਰਥੀਆਂ ਨੇ ਪੜ੍ਹਨ-ਸਿੱਖਣ ਪ੍ਰਤੀ ਆਪਣੀ ਲਗਨ ਦਾ ਸਬੂਤ ਦਿੱਤਾ। ਵਿਦਿਆਰਥੀਆਂ ਨੇ ਆਪਣੀਆਂ ਨਿੱਜੀ ਕੋਸ਼ਿਸ਼ਾਂ ਸਦਕਾ ਗੂਗਲ ਮੀਟ ਰਾਹੀਂ ਇਕੱਠੇ ਹੋ ਕੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਮਾਤਾ ਸਵਿੱਤਰੀਬਾਈ ਫੂਲੇ ਜੀ ਦਾ ਜਨਮ ਦਿਨ ਮਨਾਇਆ ਅਤੇ ਉਨ੍ਹਾਂ ਨੂੰ ਬੜੀ ਸ਼ਰਧਾ ਨਾਲ ਯਾਦ ਕੀਤਾ। ਇਸ ਆਨਲਾਈਨ ਸਮਾਗਮ ਦੌਰਾਨ ਸਾਬਕਾ ਐੱਨਸੀਸੀ ਕੈਡਿਟ ਜਤਿਨ ਨੇ ਸਵਿੱਤਰੀਬਾਈ ਫੂਲੇ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਮਹਾਨ ਸੰਘਰਸ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਜਤਿਨ ਨੇ ਦੱਸਿਆ ਕਿ ਕਿਵੇਂ ਸਵਿੱਤਰੀਬਾਈ ਜੀ ਨੇ ਉਨ੍ਹੀਵੀਂ ਸਦੀ ਵਿੱਚ ਕੁੜੀਆਂ ਦੀ ਸਿੱਖਿਆ ਲਈ ਸਮਾਜ ਦੇ ਸਖ਼ਤ ਵਿਰੋਧ, ਪੱਥਰਾਂ ਅਤੇ ਚਿੱਕੜ ਦੀ ਮਾਰ ਝੱਲੀ, ਪਰ ਕਦੇ ਹਾਰ ਨਹੀਂ ਮੰਨੀ। ਉਨ੍ਹਾਂ ਦੇ ਇਸੇ ਸੰਘਰਸ਼ ਸਦਕਾ ਅੱਜ ਔਰਤਾਂ ਲਈ ਸਿੱਖਿਆ ਦੇ ਰਾਹ ਖੁੱਲ੍ਹੇ ਹਨ। ਮੀਟਿੰਗ ਵਿੱਚ ਮੌਜੂਦ ਹੋਰਨਾਂ ਵਿਦਿਆਰਥੀਆਂ ਅਤੇ ਐੱਨਸੀਸੀ ਕੈਡਿਟਾਂ ਨੇ ਸਵਿੱਤਰੀਬਾਈ ਜੀ ਦੇ ਸਮਾਜਿਕ ਕਾਰਜਾਂ ਤੋਂ ਪ੍ਰੇਰਨਾ ਲਈ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਛੁੱਟੀਆਂ ਦੌਰਾਨ ਵੀ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਦਰਸਾਉਂਦਾ ਹੈ ਕਿ ਸਵਿੱਤਰੀਬਾਈ ਫੂਲੇ ਜੀ ਦੀਆਂ ਸਿੱਖਿਆਵਾਂ ਅੱਜ ਵੀ ਨਵੀਂ ਪੀੜ੍ਹੀ ਲਈ ਮਾਰਗਦਰਸ਼ਕ ਹਨ। ਵਿਦਿਆਰਥੀਆਂ ਨੇ ਇਸ ਮੌਕੇ ਸਮਾਜਿਕ ਬੁਰਾਈਆਂ ਵਿਰੁੱਧ ਖੜ੍ਹੇ ਹੋਣ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਪ੍ਰਣ ਵੀ ਲਿਆ।