ਕੁਲਦੀਪ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਜੋ ਇਸ ਸਮੇਂ ਗੁਜਰਾਤ ਦੌਰੇ ਉਤੇ ਹਨ,ਨੇ ਜਿੱਥੇ ਟੈਲੀਫੋਨ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ, ਉੱਥੇ ਹੀ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਬਾਕੀ ਕਾਰਵਾਈਆਂ ਕਾਨੂੰਨ ਮੁਤਾਬਿਕ ਹੀ ਹੋਣਗੀਆਂ ਅਤੇ ਏਜੰਸੀ ਮੁਤਾਬਿਕ ਲਾਸ਼ ਆਉਣ ਵਿੱਚ ਕਰੀਬ ਇੱਕ ਹਫਤਾ ਵੀ ਲਗ ਸਕਦਾ ਹੈ।

ਸੁਰਜੀਤ ਸਿੰਘ ਕੁਹਾੜ, ਲਾਲੜੂ : ਬੀਤੇ ਦਿਨੀਂ ਕੈਨੇਡਾ ਦੇ ਮਾਂਟਰੀਅਲ 'ਚ ਹਾਦਸੇ ਦਾ ਸ਼ਿਕਾਰ ਹੋਏ ਲਾਲੜੂ ਵਾਸੀ ਅਰਮਾਨ ਚੌਹਾਨ ਦੇ ਘਰ ਵਿਚ ਉਦਾਸੀ ਦਾ ਮਾਹੌਲ ਛਾਇਆ ਹੋਇਆ ਹੈ। ਠੰਢ ਦੇ ਇਸ ਮੌਸਮ ਵਿਚ ਜਿੱਥੇ ਵੱਡੀ ਗਿਣਤੀ ਲੋਕ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਆ ਰਹੇ ਹਨ, ਉੱਥੇ ਹੀ ਪਰਿਵਾਰ ਵੱਲੋਂ ਆਪਣੇ ਪੁੱਤਰ ਦੀ ਲਾਸ਼ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਦੋਂ ਸਥਾਨਕ ਪੱਤਰਕਾਰਾਂ ਵੱਲੋਂ ਅਰਮਾਨ ਚੌਹਾਨ ਦੇ ਘਰ ਪੁੱਜ ਕੇ ਪਰਿਵਾਰ ਨਾਲ ਹਮਦਰਦੀ ਜਾਹਿਰ ਕੀਤੀ ਗਈ ਤਾਂ ਅਰਮਾਨ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਰੀਬ ਢਾਈ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ ਤੇ ਉਸ ਨਾਲ ਹੋਈ ਦੁਰਘਟਨਾ ਸਬੰਧੀ ਉਨ੍ਹਾਂ ਨੂੰ ਐਤਵਾਰ ਬਾਅਦ ਦੁਪਹਿਰ ਸੂਚਨਾ ਮਿਲੀ ਸੀ, ਪਰ ਐਨੀ ਦੂਰ ਵਿਦੇਸ਼ ਵਿੱਚ ਰਹਿੰਦੇ ਪੁੱਤਰ ਨਾਲ ਰਾਬਤਾ ਬਣਾਉਣਾ ਆਸਾਨ ਨਹੀਂ ਸੀ ਅਤੇ ਉਨ੍ਹਾਂ ਨੂੰ ਲਗਾਤਾਰ ਅਰਮਾਨ ਦੀ ਚਿੰਤਾ ਸਤਾ ਰਹੀ ਸੀ। ਇਸ ਉਪਰੰਤ ਉਨ੍ਹਾਂ ਜਿੱਥੇ ਕੈਨੇਡਾ ਰਹਿੰਦੇ ਆਪਣੇ ਹੋਰਨਾਂ ਜਾਣਕਾਰਾਂ ਨਾਲ ਸੰਪਰਕ ਕੀਤਾ,ਉੱਥੇ ਹੀ ਜਿਸ ਹਸਪਤਾਲ ਵਿੱਚ ਅਰਮਾਨ ਦਾ ਇਲਾਜ ਹੋ ਰਿਹਾ ਸੀ, ਉਸ ਦਾ ਪਤਾ ਲਗਾਇਆ ,ਪਰ ਡਾਕਟਰਾਂ ਨੇ ਵੀ ਇਕ ਦਮ ਕੋਈ ਵੀ ਜਾਣਕਾਰੀ ਦੇਣੀ ਮੁਨਾਸਿਬ ਨਹੀਂ ਸਮਝੀ। ਫਿਰ ਉਨ੍ਹਾਂ ਨੂੰ ਅਗਲੀ ਦਿਨ ਅਰਮਾਨ ਦੀ ਮੌਤ ਦਾ ਪਤਾ ਲੱਗਾ।
ਕੁਲਦੀਪ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਜੋ ਇਸ ਸਮੇਂ ਗੁਜਰਾਤ ਦੌਰੇ ਉਤੇ ਹਨ,ਨੇ ਜਿੱਥੇ ਟੈਲੀਫੋਨ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ, ਉੱਥੇ ਹੀ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਹੈ। ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਿਕ ਫਿਲਹਾਲ ਲਾਸ਼ ਹਸਪਤਾਲ ਵਿੱਚ ਹੀ ਹੈ ਤੇ ਫਿਰ ਇਹ ਲਾਸ਼ ਸ਼ਮਸ਼ਾਨ ਘਾਟ ਦੇ ਮੁਰਦਾਘਰ ਵਿੱਚ ਭੇਜੀ ਜਾਵੇਗੀ ਅਤੇ ਉਥੋਂ ਹੀ ਲਾਸ਼ ਇੱਕ ਨਿੱਜੀ ਏਜੰਸੀ ਰਾਹੀਂ ਦਿੱਲੀ ਤੱਕ ਪਹੁੰਚਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਬਾਕੀ ਕਾਰਵਾਈਆਂ ਕਾਨੂੰਨ ਮੁਤਾਬਿਕ ਹੀ ਹੋਣਗੀਆਂ ਅਤੇ ਏਜੰਸੀ ਮੁਤਾਬਿਕ ਲਾਸ਼ ਆਉਣ ਵਿੱਚ ਕਰੀਬ ਇੱਕ ਹਫਤਾ ਵੀ ਲਗ ਸਕਦਾ ਹੈ। ਕੁਲਦੀਪ ਸਿੰਘ ਨੇ ਦੱਸਿਆ ਕਿ ਅਰਮਾਨ ਪੜਨ ਵਿੱਚ ਠੀਕ ਸੀ ਅਤੇ ਉਸ ਨੇ ਦਸਵੀਂ ਜਮਾਤ ਪਾਸ ਕਰਨ ਉਪਰੰਤ ਇਲੈਕਟ੍ਰੀਕਲ ਦਾ ਡਿਪਲੋਮਾ ਵੀ ਕੀਤਾ ਹੋਇਆ ਸੀ।
ਕੁਲਦੀਪ ਸਿੰਘ ਨੇ ਦੱਸਿਆ ਕਿ ਅਰਮਾਨ ਦੀ ਇੱਕ ਭੈਣ ਸਿਵਲ ਸਰਵਿਸ ਦੀ ਤਿਆਰੀ ਕਰ ਰਹੀ ਹੈ। ਕੁਲਦੀਪ ਸਿੰਘ ਨੇ ਦੱਸਿਆ ਕਿ ਆਉਣ ਵਾਲੀ 18 ਜਨਵਰੀ ਨੂੰ ਅਰਮਾਨ ਦਾ ਜਨਮ ਦਿਨ ਸੀ, ਪਰ ਕਿਸੇ ਨੂੰ ਕੀ ਪਤਾ ਸੀ ਕਿ ਉਸ ਦੇ ਜਨਮ ਦਿਨ ਤੋਂ ਕੁੱਝ ਦਿਨ ਪਹਿਲਾਂ ਹੀ ਅਰਮਾਨ ਇਸ ਦੁਨੀਆ ਨੂੰ ਅਲਵਿਦਾ ਆਖ ਜਾਵੇਗਾ।