Sad News : ਉੱਘੇ ਪੰਜਾਬੀ ਕਵੀ ਬਲਬੀਰ ਜਲਾਲਾਬਾਦੀ ਦਾ ਦੇਹਾਂਤ, ਪੂਨਾ ਵਿਖੇ ਲਿਆ ਆਖ਼ਰੀ ਸਾਹ
ਅਨੇਕ ਪ੍ਰਾਂਤਕ ਅਤੇ ਕੌਮੀ ਮੁਸ਼ਾਇਰਿਆਂ ਵਿਚ ਉਸਨੇ ਵਿਸ਼ੇਸ਼ ਤੌਰ 'ਤੇ ਅਸਾਵੀਂ ਜ਼ਿੰਦਗੀ ਦੇ ਸਾਵੇਂਪਣ ਲਈ ਜੂਝਦੇ ਜੁਝਾਰੂ ਲੋਕਾਂ ਨੂੰ ਸਮਰਪਿਤ ਕਵਿਤਾਵਾਂ ਰਚੀਆਂ। ਉਹ ਪਿਛਲੇ ਕਾਫੀ ਸਮੇਂ ਤੋਂ ਗਿਆਨਦੀਪ ਸਾਹਿਤ ਮੰਚ ਪਟਿਆਲਾ ਦੇ ਜਨਰਲ ਸਕੱਤਰ ਵਜੋਂ ਨਿਸ਼ਕਾਮ ਸੇਵਾਵਾਂ ਨਿਭਾ ਰਹੇ ਸਨ।
Publish Date: Wed, 24 Dec 2025 07:10 PM (IST)
Updated Date: Wed, 24 Dec 2025 07:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਵਾਸੀ ਉੱਘੇ ਪੰਜਾਬੀ ਕਵੀ ਬਲਬੀਰ ਜਲਾਲਾਬਾਦੀ (63) ਦਾ ਅੱਜ ਸਵੇਰੇ ਪੂਨਾ ਵਿਖੇ ਦੇਹਾਂਤ ਹੋ ਗਿਆ ਹੈ।ਉਹ ਕੁਝ ਅਰਸਾ ਪਹਿਲਾਂ ਹੀ ਆਪਣੇ ਬੇਟੇ ਕੋਲ ਪੂਨਾ ਗਏ ਸਨ। ਵੀਰਵਾਰ ਨੂੰ ਜਲਾਲਾਬਾਦੀ ਦੀ ਮ੍ਰਿਤਕ ਦੇਹ ਪਟਿਆਲਾ ਪੁੱਜੇਗੀ। ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੋਂ ਸੇਵਾਮੁਕਤ ਹੋਏ ਬਲਬੀਰ ਸਿੰਘ ਜਲਾਲਾਬਾਦੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਅਸਲ ਵਿਚ ਆਮ ਲੋਕਾਈ ਦਾ ਕਲਮਕਾਰ ਸੀ ਜੋ ਸਾਰੀ ਉਮਰ ਮਾਨਵੀ ਹਿਤਾਂ ਲਈ ਨਿਰੰਤਰ ਕਲਮੀ ਜੰਗ ਲੜਦਾ ਰਿਹਾ।
ਡਾ. ‘ਆਸ਼ਟ’ ਨੇ ਇਸ ਪ੍ਰਤਿਬੱਧ ਕਲਮਕਾਰ ਨਾਲ ਆਪਣੀ ਦਹਾਕਿਆਂ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸ਼ਾਇਰ ਆਪਣੇ ਪਹਿਲੇ ਕਾਵਿ-ਸੰਗ੍ਰਹਿ ‘ਚੁੱਪ ’ਚ ਸੁਲਘਦੇ ਬੋਲ’ ਕਾਵਿ ਸੰਗ੍ਰਹਿ ਨਾਲ ਪੰਜਾਬੀ ਕਾਵਿ ਗਗਨ ਵਿਚ ਇਕ ਚਮਕਦੇ ਸਿਤਾਰੇ ਵਾਂਗ ਉਭਰ ਕੇ ਸਾਹਮਣੇ ਆਇਆ ਸੀ ਜਿਸ ਦੇ ਲਗਾਤਾਰ ਦੋ ਸੰਸਕਰਣ ਛਪੇ। ਇਸ ਤੋਂ ਇਲਾਵਾ ਉਸ ਨੇ ‘ਕਾਰਵਾਂ, ‘ਅੰਤਰ ਭਾਵ’ ਅਤੇ ‘ਕਲਮ ਕੇ ਹਮਸਫ਼ਰ’ ਆਦਿ ਪੰਜਾਬੀ ਹਿੰਦੀ ਕਾਵਿ-ਸੰਗ੍ਰਹਿਆਂ ਤੋਂ ਇਲਾਵਾ ‘ਮਾਨਵਤਾ ਗ਼ੈਰਹਾਜ਼ਰ ਹੈ’ ਨਾਲ ਚੰਗਾ ਨਾਮਣਾ ਖੱਟਿਆ।
ਅਨੇਕ ਪ੍ਰਾਂਤਕ ਅਤੇ ਕੌਮੀ ਮੁਸ਼ਾਇਰਿਆਂ ਵਿਚ ਉਸਨੇ ਵਿਸ਼ੇਸ਼ ਤੌਰ 'ਤੇ ਅਸਾਵੀਂ ਜ਼ਿੰਦਗੀ ਦੇ ਸਾਵੇਂਪਣ ਲਈ ਜੂਝਦੇ ਜੁਝਾਰੂ ਲੋਕਾਂ ਨੂੰ ਸਮਰਪਿਤ ਕਵਿਤਾਵਾਂ ਰਚੀਆਂ। ਉਹ ਪਿਛਲੇ ਕਾਫੀ ਸਮੇਂ ਤੋਂ ਗਿਆਨਦੀਪ ਸਾਹਿਤ ਮੰਚ ਪਟਿਆਲਾ ਦੇ ਜਨਰਲ ਸਕੱਤਰ ਵਜੋਂ ਨਿਸ਼ਕਾਮ ਸੇਵਾਵਾਂ ਨਿਭਾ ਰਹੇ ਸਨ।
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਜਲਾਲਾਬਾਦੀ ਦੇ ਅਕਾਲ ਚਲਾਣੇ ਤੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਸਰਪ੍ਰਸਤ ਡਾ. ਗੁਰਬਚਨ ਸਿੰਘ ਰਾਹੀ, ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਸ਼ਾਂਤ, ਡਾ. ਹਰਪ੍ਰੀਤ ਸਿੰਘ ਰਾਣਾ, ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਸੁਖਦੇਵ ਸਿੰਘ ਚਹਿਲ, ਨਵਦੀਪ ਸਿੰਘ ਮੁੰਡੀ ਅਤੇ ਬਲਬੀਰ ਸਿੰਘ ਦਿਲਦਾਰ ਆਦਿ ਨੇ ਵੀ ਡੂੰਘੇ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ।