ਪੀਯੂ ’ਚ ਹੋਵੇਗੀ ਪਹਿਲੀ ਅੰਤਰ ਰਾਸ਼ਟਰੀ ਕਬੱਡੀ ਕਾਨਫਰੰਸ : ਚੱਠਾ
ਪੀਯੂ ’ਚ ਹੋਵੇਗੀ ਪਹਿਲੀ ਅੰਤਰ ਰਾਸ਼ਟਰੀ ਕਬੱਡੀ ਕਾਨਫਰੰਸ ਚੱਠਾ, ਖਰੋੜ
Publish Date: Fri, 05 Dec 2025 05:15 PM (IST)
Updated Date: Fri, 05 Dec 2025 05:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪਹਿਲੀ ਅੰਤਰ ਰਾਸ਼ਟਰੀ ਕਬੱਡੀ ਕਾਨਫਰੰਸ 6 ਤੋਂ 8 ਫਰਵਰੀ ਤੱਕ ਕਰਵਾਈ ਜਾ ਰਹੀ ਹੈ ਜਿਸ ਵਿਚ ਦੁਨੀਆਂ ਭਰ ਤੋਂ ਕੌਮਾਂਤਰੀ ਪੱਧਰ ਦੇ ਪੰਜਾਬੀ ਖਿਡਾਰੀ, ਲੇਖਕ ਤੇ ਹੋਰ ਵਿਦਵਾਨ ਸ਼ਮੂਲੀਅਤ ਕਰਨਗੇ। ਇਹ ਪ੍ਰਗਟਾਵਾ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ, ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਖਰੋੜ ਤੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਲੂਮਨੀ ਡਾ. ਰਾਜਬੰਸ ਸਿੰਘ ਗਿੱਲ ਨੇ ਕੀਤਾ ਹੈ। ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਜੈਬ ਸਿੰਘ ਚੱਠਾ, ਇੰਦਰਜੀਤ ਸਿੰਘ ਖਰੋੜ ਤੇ ਡਾ. ਰਾਜਬੰਸ ਸਿੰਘ ਗਿੱਲ ਨੇ ਦੱਸਿਆ ਕਿ ਦੁਨੀਆਂ ਭਰ ਵਿਚ ਇਹ ਪਹਿਲਾ ਮੌਕਾ ਹੋ ਜਦੋਂ ਕਬੱਡੀ ਖੇਡ ਦੀ ਸ਼ੁਰੂਆਤ ਤੋਂ ਲੈ ਕੇ ਮੌਜੂਦਾ ਹਾਲਾਤਾਂ ਤੱਕ ਚਰਚਾ ਵਾਸਤੇ ਅਜਿਹੀ ਕਾਨਫਰੰਸ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਅਸੀਂ ਕਬੱੜੀ ਦੇ ਭਵਿੱਖ ਅਤੇ ਕਬੱਡੀ ਦਾ ਕੌਮਾਂਤਰੀਕਰਨ ਕਿਵੇਂ ਹੋਇਆ, ਉਸ ’ਤੇ ਚਰਚਾ ਕਰਾਂਗੇ। ਉਨ੍ਹਾਂ ਕਿਹਾ ਕਿ 1954, 56 ਅਤੇ 57 ਵਿਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਬੱਡੀ ਮੈਚ ਹੋਏ ਪਰ ਸੰਬੰਧ ਠੀਕ ਨਾ ਹੋਣ ਕਾਰਨ ਇਹ ਨਿਰੰਤਰ ਨਹੀਂ ਕਰਵਾਏ ਜਾ ਸਕੇ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਕਬੱਡੀ ਦੇ ਪ੍ਰੋਮੋਟਰਾਂ ਦੀ ਵੀ ਗੱਲ ਕਰਾਂਗੇ ਜਿਵੇਂ ਕਿ ਦਲੀਪ ਸਿੰਘ ਗਰੇਵਾਲ ਸਭ ਤੋਂ ਪ੍ਰਮੁੱਖ ਰਹੇ ਹਨ। ਇਨ੍ਹਾਂ ਪ੍ਰੋਮੋਟਰਾਂ, ਕਮੈਂਟੇਟਰਾਂ ਬਾਰੇ ਵੀ ਗੱਲ ਕਰਾਂਗੇ। ਉਨ੍ਹਾਂ ਦੱਸਿਆ ਕਿ ਕਾਨਫਰੰਸ ਦੌਰਾਨ ਅਸੀਂ ਕਬੱਡੀ ਬਾਰੇ ਲਿਖਣ ਵਾਲੇ ਲੇਖਕ ਬਲਬੀਰ ਸਿੰਘ ਕੰਵਲ ਦੇ ਸੰਪਰਕ ਵਿਚ ਹਾਂ ਜੋ ਇੰਗਲੈਂਡ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਉਮਰ ਜ਼ਿਆਦਾ ਹੋਣ ਕਾਰਨ ਉਹ ਖੁਦ ਤਾਂ ਨਹੀਂ ਆ ਸਕਣਗੇ। ਉਨ੍ਹਾਂ ਦੱਸਿਆ ਕਿ ਅਸੀਂ ਇਸ ਬਾਰੇ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਵਾਂਗੇ। ਉਨ੍ਹਾਂ ਦੱਸਿਆ ਕਿ ਕਾਨਫਰੰਸ ਵਿਚ 35 ਦੇ ਕਰੀਬ ਪੁਰਾਣੇ ਪੰਜਾਬੀ ਕਬੱਡੀ ਖਿਡਾਰੀ ਅਮਰੀਕਾ, ਕੈਨੇਡਾ, ਇੰਗਲੈਂਡ ਸਮੇਤ ਵੱਖ-ਵੱਖ ਮੁਲਕਾਂ ਤੋਂ ਪਹੁੰਚਣਗੇ। ਉਹਨਾਂ ਕਿਹਾ ਕਿ ਇਸ ਕਾਨਫਰੰਸ ਵਾਸਤੇ ਪੂਰੀ ਤਿਆਰ ਵਿਚ ਹਾਂ ਤੇ ਕੌਮਾਂਤਰੀ ਪੱਧਰ ਦੀ ਇਹ ਕਾਨਫਰੰਸ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕਾਨਫਰੰਸ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਚੱਲੇਗੀ ਜਿਸ ਵਿਚ ਵੱਖ-ਵੱਖ ਸੈਸ਼ਨ ਹੋਣਗੇ।