ਬਿੰਦਰਾ ਨੇ ਉਪ-ਕੁਲਪਤੀ ਨਾਲ ਕੀਤੀ ਮੁਲਾਕਾਤ
ਸੁਖਵਿੰਦਰ ਸਿੰਘ ਬਿੰਦਰਾ ਨੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨਾਲ ਕੀਤੀ ਮੁਲਾਕਾਤ
Publish Date: Fri, 05 Dec 2025 05:03 PM (IST)
Updated Date: Fri, 05 Dec 2025 05:06 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰਾਲੇ ਤੋਂ ਸੁਖਵਿੰਦਰ ਸਿੰਘ ਬਿੰਦਰਾ, ਮੈਂਬਰ ਐੱਨਆਈਐੱਸਡੀ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨੇ ਅਕਾਦਮਿਕ ਪ੍ਰਗਤੀ, ਖੋਜ ਪ੍ਰਾਪਤੀਆਂ, ਸਮਾਜਿਕ ਸੇਵਾਵਾਂ ਅਤੇ ਕਮਿਊਨਿਟੀ ਆਊਟਰੀਚ ਨਾਲ ਸਬੰਧਤ ਉਪਰਾਲਿਆਂ ਅਤੇ ਯੂਨੀਵਰਸਿਟੀ ਦੇ ਵਿਕਾਸ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੁਖਵਿੰਦਰ ਸਿੰਘ ਬਿੰਦਰਾ ਨੇ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਗੁਣਵੱਤਾ ਭਰਪੂਰ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਆਪਣੇ ਮੰਤਰਾਲੇ ਦੇ ਹਵਾਲੇ ਨਾਲ਼ ਸੁਝਾਅ ਦਿੱਤੇ ਕਿ ਕਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਭਵਿੱਖ ਵਿਚ ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰਾਲੇ ਨਾਲ਼ ਸਬੰਧਤ ਵੱਖ–ਵੱਖ ਯੋਜਨਾਵਾਂ ਤੋਂ ਹੋਰ ਲਾਭ ਪ੍ਰਾਪਤ ਕਰ ਸਕਦੀ ਹੈ। ਉਨ੍ਹਾਂ ਨੇ ਕੇਂਦਰੀ ਫੈਲੋਸ਼ਿਪਾਂ, ਖੇਡਾਂ ਲਈ ਸਹਾਇਤਾ ਅਤੇ ਵਿੱਤੀ ਮਦਦ, ਜਾਗਰੂਕਤਾ ਅਤੇ ਕਮਿਊਨਿਟੀ ਪ੍ਰੋਗਰਾਮਾਂ ਲਈ ਸਪਾਂਸਰਸ਼ਿਪ, ਅਤੇ ਨੌਜਵਾਨਾਂ ਦੇ ਸਮੁੱਚੇ ਵਿਕਾਸ ਲਈ ਵੱਖ–ਵੱਖ ਪਹਿਲਕਦਮੀਆਂ ਬਾਰੇ ਵਿਸ਼ੇਸ਼ ਤੌਰ ’ਤੇ ਰੌਸ਼ਨੀ ਪਾਈ। ਉਨ੍ਹਾਂ ਨਸ਼ਾ ਰੋਕਥਾਮ, ਪੁਨਰਵਾਸ ਅਤੇ ਨੌਜਵਾਨਾਂ ਵਿਚ ਜਾਗਰੂਕਤਾ ਫੈਲਾਉਣ ਲਈ ਭਾਰਤ ਸਰਕਾਰ ਦੇ ਮਹੱਤਵਪੂਰਨ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਯੂਨੀਵਰਸਿਟੀ ਨੂੰ ਇਨ੍ਹਾਂ ਰਾਸ਼ਟਰੀ ਪਹਿਲਾਂ ’ਚ ਸਰਗਰਮ ਭਾਗੀਦਾਰੀ ਲਈ ਪ੍ਰੇਰਿਤ ਕੀਤਾ। ਉਨ੍ਹਾਂ ਯਕੀਨ ਦਵਾਇਆ ਕਿ ਮੰਤਰਾਲਾ ਯੂਨੀਵਰਸਿਟੀ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਹਮੇਸ਼ਾ ਤਿਆਰ ਰਹੇਗਾ। ਮੀਟਿੰਗ ਵਿਚ ਹਾਜ਼ਰ ਅਧਿਕਾਰੀਆਂ ਵਿਚ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦਵਿੰਦਰ ਪਾਲ ਸਿੰਘ ਸਿੱਧੂ, ਡੀਨ, ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫੇਅਰਜ਼, ਡਾ. ਦਮਨਜੀਤ ਸੰਧੂ, ਡੀਨ ਕਾਲਜ ਡਿਵੈਲਪਮੈਂਟ ਕੌਂਸਲ ਡਾ. ਬਲਰਾਜ ਸਿੰਘ, ਡਾਇਰੈਕਟਰ ਕਾਂਸਟੀਚੂਐਂਟ ਕਾਲਜਿਜ਼ ਡਾ. ਅਮਰ ਇੰਦਰ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਲ ਸਨ।