ਸਰਕਾਰੀ ਬੱਸਾਂ ਦਾ ਚੱਕਾ ਹੋਇਆ ਜਾਮ

ਪਰਗਟ ਸਿੰਘ•, ਪੰਜਾਬੀ ਜਾਗਰਣ, •ਪਟਿਆਲਾ : ਪੰਜਾਬ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਬੱਸਾਂ ਪਾਉਣ ਦਾ ਟੈਂਡਰ ਖੋਲ੍ਹਣ ਦਾ ਵਿਰੋਧ ਕਰ ਰਹੇ ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਕਾਮਿਆਂ ਵੱਲੋਂ ਸੋਮਵਾਰ ਨੂੰ 12 ਵਜੇ ਤੋਂ ਬਾਅਦ ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਤੇ ਮੈਨੇਜਮੈਂਟ ਦਾ ਵਿਰੋਧ ਕਰਦਿਆਂ ਤਿੱਖੀ ਨਾਅਰੇਬਾਜ਼ੀ ਕੀਤੀ ਗਈ ਤੇ ਲਗਪਗ ਪੰਜ ਘੰਟੇ ਹੜਤਾਲ ਕਰਕੇ ਬੱਸਾਂ ਬੰਦ ਰੱਖੀਆਂ। ਜਥੇਬੰਦੀ ਅਨੁਸਾਰ 7 ਹਜ਼ਾਰ ਤੋਂ ਵੱਧ ਮੁਲਾਜ਼ਮ ਰੋਸ ਪ੍ਰਦਰਸ਼ਨ ’ਚ ਸ਼ਾਮਲ ਹੋਏ ਤੇ 3 ਹਜ਼ਾਰ ਤੋਂ ਵੱਧ ਬੱਸਾਂ ਦੇ ਰੂਟ ਪ੍ਰਭਾਵਿਤ ਹੋਏ। ਇਸ ਦੌਰਾਨ ਆਮ ਲੋਕਾਂ ਨੂੰ ਭਾਰੀ ਖੱਜਲ ਖੁਆਰੀਆਂ ਦਾ ਸਾਹਮਣਾ ਵੀ ਕਰਨਾ ਪਿਆ ਤੇ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਅਦਾਰਿਆਂ ਨੂੰ ਵਿੱਤੀ ਘਾਟੇ ਦਾ ਸਾਹਮਣਾ ਵੀ ਕਰਨਾ ਪਿਆ। ਪਟਿਆਲਾ ਬੱਸ ਸਟੈਂਡ ’ਤੇ ਸੰਗਰੂਰ ਜਾਣ ਲਈ ਖੜ੍ਹੀ ਜੋਗਿੰਦਰ ਕੌਰ ਨੇ ਦੱਸਿਆ ਕਿ ਉਹ ਖੱਜ ਖੁਆਰ ਹੋ ਕੇ ਇਥੇ ਤੱਕ ਪਹੁੰਚੀ ਸੀ ਤੇ ਹੁਣ ਕੋਈ ਬੱਸ ਨਾ ਆਉਣ ਕਾਰਨ ਇਥੇ ਦੋ ਘੰਟੇ ਤੋਂ ਖੜ੍ਹੀ ਹੈ ਪਰ ਕੋਈ ਬੱਸ ਨਹੀਂ ਮਿਲ ਰਹੀ। ਇਸੇ ਤਰ੍ਹਾਂ ਕਈ ਹੋਰਨਾਂ ਸਵਾਰੀਆਂ ਵੱਲੋਂ ਵੀ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਗਈਆਂ। ਮੈਨੇਜਮੈਂਟ ਵੱਲੋਂ ਮੰਗਾਂ ’ਤੇ ਸਹਿਮਤੀ ਹੋਣ ਉਪਰੰਤ ਯੂਨੀਅਨ ਵੱਲੋਂ ਅਗਲੇ ਪ੍ਰੋਗਰਾਮ ਕੈਂਸਲ ਕਰਕੇ ਮੁੜ ਬੱਸ ਸੇਵਾ ਬਹਾਲ ਕੀਤੀ ਗਈ ਤੇ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਯੂਨੀਅਨ ਵੱਲੋਂ ਕਈ ਵਾਰ ਸਰਕਾਰ ਤੇ ਮੈਨੇਜਮੈਂਟ ਨੂੰ ਲਿਖਤੀ ਰੂਪ ਵਿਚ ਤੇ ਜ਼ੁਬਾਨੀ ਤੌਰ ਤੇ ਕਿੱਲੋਮੀਟਰ ਬੱਸਾਂ ਕਾਰਨ ਪੈਣ ਵਾਲੇ ਘਾਟੇ ਅਤੇ ਇਨ੍ਹਾਂ ਕਿਲੋਮੀਟਰ ਸਕੀਮ ਬੱਸਾਂ ਦੀ ਥਾਂ ਤੇ ਸਰਕਾਰੀ ਬੱਸਾਂ ਪਾਉਣ ਲਈ ਹਰ ਤਰ੍ਹਾਂ ਦੇ ਤਰਕ ਦਿੱਤੇ ਜਾ ਚੁੱਕੇ ਹਨ ਪ੍ਰੰਤੂ ਫਿਰ ਵੀ ਮੈਨੇਜਮੈਟ ਵਲੋਂ ਪ੍ਰਾਈਵੇਟ ਬੱਸਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਟਰਾਂਸਪੋਰਟ ਵਿਭਾਗ ਦਾ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ, ਜਿਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਵਾਉਣ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ, ਠੇਕੇਦਾਰ-ਵਿਚੋਲੀਏ ਬਾਹਰ ਕੱਢਣ, ਸਰਵਿਸ ਰੂਲ ਲਾਗੂ ਕਰਵਾਉਣ ਸਮੇਤ ਕੰਟਰੈਕਟ ਕਾਮਿਆਂ ਦੀਆਂ ਹੋਰਨਾਂ ਮੰਗਾਂ ਦਾ ਸਰਕਾਰ ਕੋਲੋ ਹੱਲ ਕਰਵਾਉਣ ਲਈ ਅੱਜ 12-00 ਵਜੇ ਤੋਂ ਪਨਬੱਸ ਅਤੇ ਪੀਆਰਟੀਸੀ ਦੀਆ ਬੱਸਾਂ ਦਾ ਚੱਕਾ ਜਾਮ ਕਰਕੇ ਹੜਤਾਲ ਸ਼ੁਰੂ ਕੀਤੀ ਸੀ, ਜੋ ਕਿ ਲਗਪਗ ਪੰਜ ਘੰਟੇ ਚੱਲੀ ਹੈ। ਉਨ੍ਹਾਂ ਕਿਹਾ ਕਿ ਤਹਿ ਪ੍ਰੋਗਰਾਮ ਅਨੁਸਾਰ ਅੱਜ ਪੀਆਰਟੀਸੀ ਦੇ ਚੇਅਰਮੈਨ ਅਤੇ ਵਿਭਾਗ ਦੇ ਐਮਡੀ ਦੀ ਰਿਹਾਇਸ਼ ਅਤੇ ਹੈਡ ਆਫਿਸ ਅੱਗੇ ਧਰਨਾ ਦਿੱਤਾ ਜਾਣਾ ਸੀ ਤੇ ਜਦੋਂ 12 ਵਜੇ ਨਵਾ ਬੱਸ ਸਟੈਂਡ ਬੰਦ ਕਰਕੇ ਰੋਸ਼ ਪ੍ਰਦਰਸਨ ਸੁਰੂ ਕੀਤਾ ਗਿਆ ਤਾਂ ਮੈਨੇਜਮੈਂਟ ਵੱਲੋਂ ਗੱਲਬਾਤ ਲਈ ਸੱਦ ਲਿਆ ਗਿਆ ਤੇ ਉਨ੍ਹਾਂ ਦੀਆਂ ਮੁੱਖ ਮੰਗਾਂ ’ਤੇ ਸਹਿਮਤੀ ਹੋਣ ਸਮੇਤ ਕਿੱਲੋਮੀਟਰ ਸਕੀਮ ਦੇ ਟੈਂਡਰ ਖੋਲ੍ਹਣ ਦੀ ਤਰੀਕ ਵੀ ਅੱਗੇ ਪਾ ਦਿੱਤੀ ਹੈ ਅਤੇ ਟਰਾਂਸ਼ਪੋਰਟ ਮੰਤਰੀ ਨਾਲ ਮੀਟਿੰਗ ਵੀ ਤਹਿ ਹੋਈ ਹੈ, ਜਿਸ ਉਪਰੰਤ ਯੂਨੀਅਨ ਵੱਲੋਂ ਅਗਲੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ ਹਨ।